ਕਾਰ ਸਵਾਰ ਦੋ ਨਸ਼ਾ ਤਸਕਰ ਹੈਰੋਇਨ ਸਮੇਤ ਗ੍ਰਿਫਤਾਰ

10/11/2019 6:26:44 PM

ਭੋਗਪੁਰ,(ਸੂਰੀ) : ਥਾਣਾ ਭੋਗਪੁਰ ਪੁਲਸ ਵੱਲੋਂ ਥਾਣੇ ਦੇ ਹਾਈਟੈਕ ਪੁਲਸ ਨਾਕਾ ਕੁਰੇਸ਼ੀਆਂ 'ਚ ਨਾਕਾਬੰਦੀ ਦੌਰਾਨ ਇਕ ਕਾਰ 'ਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਦੱਸਿਆ ਹੈ ਕਿ ਥਾਣੇਦਾਰ ਨਰਿੰਦਸਿੰਘ ਨੇ ਪੁਲਸ ਪਾਰਟੀ ਨਾਲ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ 'ਤੇ ਸਥਿਤ ਪੁਲਸ ਨਾਕਾ ਕੁਰੇਸ਼ੀਆਂ 'ਚ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਇਕ ਸਿਲਵਰ ਰੰਗ ਦੀ ਕਾਰ ਜੰਮੂ ਵਾਲੇ ਪਾਸੇ ਤੋਂ  ਆਉਂਦੀ ਦਿਖਾਈ ਦਿੱਤੀ। ਪੁਲਸ ਪਾਰਟੀ ਨੇ ਬੈਰੀਕੇਟਾਂ ਦੀ ਮਦਦ ਨਾਲ ਇਸ ਕਾਰ ਨੂੰ ਚੈਕਿੰਗ ਲਈ ਰੋਕ ਲਿਆ। ਕਾਰ ਵਿਚ ਸਵਾਰ ਦੋਨੋਂ ਨੌਜਵਾਨਾਂ ਨੇ ਕਾਰ 'ਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਪਾਰਟੀ ਨੇ ਦੋਵੇ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ। ਕਾਰ ਚਾਲਕ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਚੌਲਾਂਗ ਥਾਣਾ ਭੋਗਪੁਰ ਤੇ ਚਾਲਕ ਨਾਲ ਬੈਠੇ ਨੌਜਵਾਨ ਨੇ ਆਪਣਾ ਨਾਮ ਤਰਲੋਚਨ ਸਿੰਘ ਉਰਫ ਗੋਲਡੀ ਪੁੱਤਰ ਬਰਿੰਦਰ ਸਿੰਘ ਵਾਸੀ ਪਿੰਡ ਸਰਹਾਲਾ ਰਣੂਆਂ ਥਾਣਾ ਬਹਿਰਾਮ ਜ਼ਿਲਾ ਨਵਾਂਸ਼ਹਿਰ ਦੱਸਿਆ। ਪੁਲਸ ਵੱਲੋਂ ਜਦੋਂ ਇਨ੍ਹਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਦੋਵਾਂ ਨੌਜਵਾਨਾਂ ਪਾਸੋਂ 5-5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਵੱਲੋਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਕਾਰ ਨੂੰ ਵੀ ਆਪਣੇ ਕਬਜ਼ੇ 'ਚ ਲੈ ਕੇ ਥਾਣਾ ਭੋਗਪੁਰ 'ਚ ਮਾਮਲਾ ਦਰਜ਼ ਕਰ ਲਿਆ ਹੈ।


Related News