ਨਸ਼ਾ ਵੇਚਣ ਵਾਲੇ 6 ਗ੍ਰਿਫਤਾਰ, 18 ਕਰੋੜ ਰੁਪਏ ਦੀ ਹੈਰੋਇਨ ਜ਼ਬਤ
Monday, Jun 01, 2020 - 06:10 PM (IST)
ਖਰੜ (ਸ਼ਸ਼ੀ, ਰਣਬੀਰ, ਅਮਰਦੀਪ) : ਜ਼ਿਲਾ ਪੁਲਸ ਨੇ 6 ਹੈਰੋਇਨ ਸਪਲਾਈ ਕਰਨ ਵਾਲਿਆਂ ਦੀ ਗ੍ਰਿਫਤਾਰੀ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਜਾਂਚ) ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਖਰੜ ਦੇ ਇੰਸਪੈਕਟਰ ਰਾਜੇਸ਼ ਕੁਮਾਰ ਨੇ ਸੂਹ ਮਿਲਣ 'ਤੇ ਥਾਣਾ ਸਿਟੀ ਖਰੜ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21-61-85 ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ 28-5-20 ਨੂੰ ਪਿੰਡ ਛੱਜੂਮਾਜਰਾ ਰੋਡ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ 2 ਕਾਰ ਸਵਾਰ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਵੇਖਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਕੁਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿਚ ਅੰਜੁਲ ਸੋਢੀ ਵਾਸੀ ਸਿਰਸਾ (ਹਰਿਆਣਾ), ਪਰਿਵਰ ਸਿੰਘ ਵਾਸੀ ਪਿੰਡ ਬੱਲੋਮਾਜਰਾ, ਰਵੀ ਵਰਮਾ ਵਾਸੀ ਸੰਨੀ ਇੰਨਕਲੇਵ ਖਰੜ, ਦਲਵਿੰਦਰ ਸਿੰਘ ਵਾਸੀ ਪਿੰਡ ਖਹਿਰਾ ਕਲਾਂ, ਨੀਲੂ ਵਾਸੀ ਸਿਰਸਾ ਸ਼ਾਮਲ ਹਨ। ਉਨ੍ਹਾਂ ਕੋਲੋਂ ਇਕ ਸਵਿੱਫਟ ਕਾਰ ਅਤੇ ਇਕ ਸੈਵਰਲੇਟ ਦੇ ਨਾਲ 1 ਕਿਲੋ 300 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ।
ਮੁਲਾਜ਼ਮਾਂ ਤੋਂ ਪੁੱਛਗਿੱਛ ਦੇ ਨਤੀਜੇ ਵਜੋਂ ਇਕ ਹੋਰ ਹੈਰੋਇਨ ਸਪਲਾਇਰ ਡੇਵਿਡ ਨਾਮੀ ਨਾਈਜੀਰੀਅਨ ਵਿਅਕਤੀ ਨੂੰ 31 ਮਈ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 2 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜ਼ਬਤ ਕੀਤੀ ਗਈ ਹੈਰੋਇਨ ਦੀ ਕੁਲ ਮਾਤਰਾ 3 ਕਿੱਲੋ ਅਤੇ 500 ਗ੍ਰਾਮ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 18 ਕਰੋੜ ਰੁਪਏ ਹੈ।
ਮੁਲਜ਼ਮ ਬਹੁਤ ਲੰਮੇ ਸਮੇਂ ਤੋਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ ਸਰਗਰਮ ਸਨ ਅਤੇ ਹੈਰੋਇਨ ਦੀ ਸਪਲਾਈ ਕਰ ਰਹੇ ਸਨ। ਇਨ੍ਹਾਂ ਵਿਚੋਂ ਇਕ ਮੁਲਜ਼ਮ ਦਲਵਿੰਦਰ ਸਿੰਘ 4 ਸਾਲਾਂ ਤੋਂ ਹੈਰੋਇਨ ਦੀ ਸਪਲਾਈ ਕਰ ਰਿਹਾ ਹੈ ਅਤੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਥਾਣਾ ਸਰਦੂਲਗੜ੍ਹ ਅਤੇ ਥਾਣਾ ਸਿਟੀ ਸਿਰਸਾ ਵਿਖੇ 2 ਕੇਸ ਦਰਜ ਹਨ ਅਤੇ ਇਕ ਹੋਰ ਕੇਸ ਧਾਰਾ 420 ਅਧੀਨ ਦਰਜ ਹੈ। ਉਹ ਅੰਜੁਲ ਸੋਢੀ ਅਤੇ ਨੀਲੂ ਨਾਲ ਮਿਲ ਕੇ ਦਿੱਲੀ ਤੋਂ ਹੈਰੋਇਨ ਲਿਆਉਂਦਾ ਸੀ ਅਤੇ ਕਾਫੀ ਵੱਧ ਕੀਮਤ 'ਤੇ ਵੇਚਦਾ ਸੀ। ਦੋਸ਼ੀ ਰਵੀ ਵਰਮਾ ਅਤੇ ਪਰਿਵਰ ਸਿੰਘ ਮੋਹਾਲੀ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿਚ ਇਨ੍ਹਾਂ ਦੀ ਖੇਪ ਦੀ ਸਪਲਾਈ ਕਰਦੇ ਸਨ। ਇਸ ਮਾਮਲੇ 'ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ. ਪੀ. ਸਾਈਬਰ ਕ੍ਰਾਈਮ ਰੁਪਿੰਦਰਦੀਪ ਕੌਰ ਸੋਹੀ ਅਤੇ ਡੀ. ਐੱਸ. ਪੀ. ਖਰੜ-1 ਪਾਲ ਸਿੰਘ ਮੌਜੂਦ ਸਨ।