532 ਕਿੱਲੋ ਹੈਰੋਇਨ ਬਰਾਮਦਗੀ ਵਾਲੇ ਕੇਸ ਦੀ ਐੱਨ. ਆਈ. ਏ. ਨੇ ਸ਼ੁਰੂ ਕੀਤੀ ਜਾਂਚ

08/11/2019 6:51:16 PM

ਮੋਹਾਲੀ (ਕੁਲਦੀਪ) : ਨੈਸ਼ਨਲ ਇਨਵੈਸਟੀਗੇਸ਼ਨ ਟੀਮ (ਐੱਨ. ਆਈ. ਏ.) ਨੇ ਹੁਣ ਪਾਕਿਸਤਾਨ ਤੋਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਸਬੰਧਤ 532 ਕਿਲੋ ਹੈਰੋਇਨ ਬਰਾਮਦਗੀ ਵਾਲੇ ਕੇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ । ਇਸ ਕਾਰਨ ਏਜੰਸੀ ਨੇ ਅੰਮ੍ਰਿਤਸਰ ਜੇਲ ਵਿਚ ਬੰਦ ਤਾਰਿਕ ਅਹਿਮਦ ਲੋਨ (28) ਨਿਵਾਸੀ ਹੰਦਵਾੜਾ ਜੰਮੂ ਕਸ਼ਮੀਰ ਦੀ ਐੱਨ. ਆਈ. ਏ. ਨੇ ਗ੍ਰਿਫਤਾਰੀ ਪਾ ਦਿੱਤੀ ਹੈ । ਉਸ ਨੂੰ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਿਸ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ 12 ਅਗਸਤ ਤਕ ਰਿਮਾਂਡ 'ਤੇ ਭੇਜ ਦਿੱਤਾ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਮੌਕੇ ਅੰਮ੍ਰਿਤਸਰ ਪੁਲਸ ਨੇ ਵੀ ਅਦਾਲਤ ਨੂੰ ਦੱਸਿਆ ਕਿ ਮਾਮਲੇ ਦਾ ਰਿਕਾਰਡ 12 ਅਗਸਤ ਨੂੰ ਅਦਾਲਤ ਵਿਚ ਸੌਂਪ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 29 ਜੂਨ ਨੂੰ ਅਟਾਰੀ ਬਾਰਡਰ ਉੱਤੇ ਪਾਕਿਸਤਾਨ ਤੋਂ ਆਯਾਤ ਕੀਤੇ ਜਾ ਰਹੇ ਸੇਂਧਾ ਨਮਕ ਤੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਨਸ਼ੇ ਵਾਲੇ ਪਦਾਰਥ ਫੜੇ ਗਏ ਸਨ । ਇਸ ਤੋਂ ਬਾਅਦ ਇਸ ਮਾਮਲੇ ਵਿਚ ਤਾਰਿਕ ਅਹਿਮਦ ਲੋਨ ਦੀ ਗ੍ਰਿਫਤਾਰੀ ਹੋਈ ਸੀ । ਕਸਟਮ ਵਿਭਾਗ ਨੇ ਉਸ ਸਮੇਂ ਇਸ ਨੂੰ ਇਕ ਇੰਟਰਨੈਸ਼ਨਲ ਡਰੱਗ ਰੈਕੇਟ ਹੋਣ ਦਾ ਖੁਲਾਸਾ ਕੀਤਾ ਸੀ ਜੋ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਚੱਲ ਰਿਹਾ ਸੀ ।

ਉਥੇ ਹੀ, ਇਸ ਤੋਂ ਬਾਅਦ ਇਸ ਕੇਸ ਨਾਲ ਸਬੰਧਤ ਇਕ ਹੋਰ ਮੁੱਖ ਮੁਲਜ਼ਮ ਗੁਰਵਿੰਦਰ ਸਿੰਘ ਦੀ ਕਾਨੂੰਨੀ ਹਿਰਾਸਤ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ । ਉਸ ਦੀ ਮੌਤ ਤੋਂ ਬਾਅਦ ਇਹ ਕੇਸ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ ਸੀ । ਇਸ ਮਾਮਲੇ ਵਿਚ ਟਰੱਕ ਮਾਲਕ ਜਸਬੀਰ ਸਿੰਘ, ਵਪਾਰੀ ਅਜੈ ਗੁਪਤਾ ਅਤੇ ਸੰਦੀਪ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ।


Gurminder Singh

Content Editor

Related News