50 ਲੱਖ ਦੀ ਹੈਰੋਇਨ ਸਮੇਤ ਮਾਂ-ਪੁੱਤ ਗ੍ਰਿਫਤਾਰ
Thursday, Mar 28, 2019 - 09:33 PM (IST)

ਨਕੋਦਰ,(ਪਾਲੀ) : ਥਾਣਾ ਸਿਟੀ ਨਕੋਦਰ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਇਕ ਆਲਟੋ ਕਾਰ 'ਚ ਸਵਾਰ ਮਾਂ-ਪੁੱਤਰ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਅੰਤਰਰਾਸ਼ਟਰੀ ਮਾਰਕੀਟ 'ਚ ਬਰਾਮਦ ਹੈਰੋਇਨ ਦੀ ਕੀਮਤ ਲਗਭਗ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਡੀ. ਐੱਸ. ਪੀ. ਨਕੋਦਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਟੀ ਥਾਣਾ ਮੁਖੀ ਬਲਵਿੰਦਰ ਸਿੰਘ ਦੀ ਅਗਵਾਈ 'ਚ ਐੱਸ. ਆਈ. ਕੇਵਲ ਸਿੰਘ, ਏ. ਐੱਸ. ਆਈ. ਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਜਲੰਧਰ ਪੁਲੀ ਨਕੋਦਰ 'ਤੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਤੇਜ਼ ਰਫਤਾਰ ਆਲਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਤਲਾਸ਼ੀ ਦੌਰਾਨ ਕਾਰ ਚਾਲਕ, ਜਿਸ ਦੀ ਪਛਾਣ ਰੋਹਿਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਮਲਕਪੁਰ (ਕਪੂਰਥਲਾ) ਪਾਸੋਂ 35 ਗ੍ਰਾਮ ਹੈਰੋਇਨ ਅਤੇ ਪਿਛਲੀ ਸੀਟ 'ਤੇ ਬੈਠੀ ਨਿਰਮਲ ਕੌਰ ਪਤਨੀ ਰਾਮ ਸਿੰਘ ਵਾਸੀ ਮਲਕਪੁਰ (ਕਪੂਰਥਲਾ) ਪਾਸੋਂ 65 ਗ੍ਰਾਮ ਹੈਰੋਇਨ ਬਰਾਮਦ ਹੋਈ।
ਸਿਟੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੈਰੋਇਨ ਸਮੇਤ ਗ੍ਰਿਫਤਾਰ ਰੋਹਿਤ ਤੇ ਨਿਰਮਲ ਕੌਰ (ਦੋਵਾਂ) ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਰਿਮਾਂਡ ਦੌਰਾਨ ਮਾਂ-ਪੁੱਤ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਥੋਂ ਲਿਆਉਂਦੇ ਤੇ ਅੱਗੇ ਕਿਸ ਨੂੰ ਵੇਚਦੇ ਸਨ।