2 ਕਿੱਲੋ ਹੈਰੋਇਨ ਅਤੇ 1.02 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇਕ ਗ੍ਰਿਫ਼ਤਾਰ

12/18/2023 5:47:44 PM

ਨਵਾਂਸ਼ਹਿਰ (ਤ੍ਰਿਪਾਠੀ) : ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਪੁਲਸ ਨੇ ਇਕ ਸਕੂਟਰ ਸਵਾਰ ਨਸ਼ਾ ਸਮੱਗਲਰ ਨੂੰ ਕਾਬੂ ਕਰਕੇ 2 ਕਿੱਲੋ ਹੈਰੋਇਨ ਅਤੇ 1.02 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਟੀਮ ਨੂੰ ਠੋਸ ਸੂਚਨਾ ਮਿਲੀ ਸੀ, ਜਿਸ ਤਹਿਤ ਪੁਲਸ ਨੇ ਗਸ਼ਤ ਦੌਰਾਨ ਪਿੰਡ ਪੂਨੀਆ ਤੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਵਿਚ ਇਕ ਨੌਜਵਾਨ ਹੈ। ਐਕਟਿਵਾ ਸਕੂਟਰ ’ਤੇ ਆ ਰਹੇ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 2 ਕਿੱਲੋ ਹੈਰੋਇਨ, 1.02 ਲੱਖ ਰੁਪਏ ਦੀ ਡਰੱਗ ਮਨੀ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਜਸਕਰਨ ਸਿੰਘ ਉਰਫ ਕਰਨ ਪੁੱਤਰ ਚਰਨ ਕੰਵਲਜੀਤ ਵਾਸੀ ਪਿੰਡ ਪੂਨੀਆ ਵੱਜੋਂ ਹੋਈ ਹੈ।

ਕਾਬੂ ਕੀਤੇ ਦੋਸ਼ੀ ਖਿਲਾਫ 2 ਐੱਨ.ਡੀ.ਪੀ.ਐੱਸ. ਅਤੇ ਅਸਲਾ ਐਕਟ ਤਹਿਤ ਦਰਜ ਹਨ 4 ਮਾਮਲੇ

ਐੱਸ. ਐੱਸ. ਪੀ. ਡਾ.ਚੌਧਰੀ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਖ਼ਿਲਾਫ ਪਹਿਲਾਂ ਵੀ ਥਾਣਾ ਸਿਟੀ ਬੰਗਾ ਅਤੇ ਖਰੜ ਵਿਚ ਐੱਨ. ਡੀ. ਪੀ. ਐੱਸ., ਮੁਕੰਦਪੁਰ ਵਿਚ ਕਤਲ ਦੀ ਕੋਸ਼ਿਸ਼ ਤੇ ਆਰਮ ਐਕਟ ਤਹਿਤ ਅਤੇ ਥਾਣਾ ਸਿਟੀ ਬੰਗਾ ਵਿਚ ਜਬਰ-ਜ਼ਿਨਾਹ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਜੇਲ੍ਹ ਵਿਚ ਉਸਦੇ ਜਾਣਕਾਰ ਰਾਜੂ (ਕਾਲਪਨਿਕ ਨਾਮ) ਨਾਮਕ ਵਿਅਕਤੀ ਤੋਂ ਪਛਾਣ ਮਿਲੀ ਸੀ। ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਦੋਸ਼ੀ ਜਸਕਰਨਜੀਤ ਸਿੰਘ ਉਕਤ ਰਾਜੂ ਕੋਲੋਂ ਹੈਰੋਇਨ ਦੀ ਖੇਪ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਰਾਜੂ ਇਸ ਤੋਂ ਪਹਿਲਾਂ ਵੀ ਕਿੰਨੀ ਵਾਰ ਹੈਰੋਇਨ ਦੀ ਖੇਪ ਲੈ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਜਿਸ ਦੌਰਾਨ ਉਸ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸਨੇ ਉਕਤ ਖੇਪ ਕਿਸਨੂੰ ਸਪਲਾਈ ਕਰਨੀ ਸੀ।


Gurminder Singh

Content Editor

Related News