ਨਹੀਂ ਰੁਕ ਰਹੀ ਹੈਰੀਟੇਜ ਫਰਨੀਚਰ ਦੀ ਨਿਲਾਮੀ, ਡਿਜ਼ਾਈਨ ਟੇਬਲ 5.36 ਲੱਖ ’ਚ ਹੋਇਆ ਨਿਲਾਮ
Saturday, Mar 18, 2023 - 11:43 AM (IST)
ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ 'ਚ ਹੋਣ ਵਾਲੀ ਨਿਲਾਮੀ ਨੂੰ ਰੋਕਣ ਦੇ ਸਮਰੱਥ ਨਹੀਂ ਹੈ। ਫਰਾਂਸ ਦੀ ਟੀਮ ਦੀ ਫੇਰੀ ਦਾ ਵੀ ਕੋਈ ਖ਼ਾਸ ਅਸਰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸ਼ਹਿਰ ਦਾ ਫਰਨੀਚਰ ਅਜੇ ਵੀ ਵਿਦੇਸ਼ਾਂ 'ਚ ਵੇਚਿਆ ਜਾ ਰਿਹਾ ਹੈ। ਨਵੀਂ ਨਿਲਾਮੀ ਅਮਰੀਕਾ ਦੇ ਬੋਨਹੈਮਸ ਸ਼ਹਿਰ 'ਚ ਹੋਈ। ਇੱਥੇ ਪੀਅਰੇ ਜੇਨਰੇ ਵਲੋਂ ਡਿਜ਼ਾਈਨ ਕੀਤਾ ਗਿਆ ਇਕ ਟੇਬਲ ਲਗਭਗ 5.36 ਲੱਖ ਰੁਪਏ 'ਚ ਵਿਕਿਆ ਹੈ। ਚੰਡੀਗੜ੍ਹ ਹੈਰੀਟੇਜ ਆਈਟਮਜ਼ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਦੇ ਕੇ ਨਿਲਾਮੀ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਸਰਕਾਰ ਦੇ ਬਿਨਾਂ ਕਿਸੇ ਵਿਰੋਧ ਦੇ ਵਿਦੇਸ਼ਾਂ 'ਚ ਵਿਰਾਸਤੀ ਵਸਤਾਂ ਦੀ ਬਾਕਾਇਦਾ ਨਿਲਾਮੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਨਿਲਾਮੀ ਘਰ ਹੁਣ ਚੰਡੀਗੜ੍ਹ 'ਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਲਈ ਪਛਾਣ ਚਿੰਨ੍ਹ ਐਲਾਨ ਰਹੇ ਹਨ। ਉਦਾਹਰਣ ਵਜੋਂ 14 ਮਾਰਚ ਨੂੰ ਜਿਹੜੇ ਮੇਜ ਦੀ ਨਿਲਾਮੀ ਕੀਤੀ ਗਈ ਸੀ, ਉਸ ’ਤੇ ਪੀ. ਯੂ. ਈ. ਸੀ. ਲਿਖਿਆ ਹੈ, ਜੋ ਦਰਸਾਉਂਦਾ ਹੈ ਕਿ ਇਹ ਮੇਜ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ (ਪੀ. ਯੂ. ਈ. ਸੀ. ) ਦਾ ਹੋ ਸਕਦਾ ਹੈ।
ਕਾਰਵਾਈ ਕੀਤੀ ਜਾਵੇ
ਫਰਨੀਚਰ ਨੂੰ ਕਰੀਬ 5.36 ਲੱਖ ਰੁਪਏ ’ਚ ਵੇਚਿਆ ਗਿਆ ਹੈ। ਸ਼ਿਕਾਇਤ 'ਚ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਵਸਤਾਂ ਨੂੰ ਦੇਸ਼ ਤੋਂ ਬਾਹਰ ਲਿਆਉਣ ਲਈ ਵਰਤੇ ਗਏ ਦਸਤਾਵੇਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜੋ ਵੀ ਫਰਨੀਚਰ ਦੀ ਤਸਕਰੀ 'ਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸਥਾਨਕ ਪੱਧਰ ’ਤੇ ਵੀ ਇਸ ਦੀ ਚੋਰੀ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਰਾਸਤੀ ਫਰਨੀਚਰ ਨੂੰ ਸੰਭਾਲਣ ਲਈ ਵੀ ਨਿਯਮ ਬਣਾਉਣ ਦੀ ਲੋੜ ਹੈ ਕਿਉਂਕਿ ਪਿਛਲੇ ਕੁੱਝ ਸਾਲਾਂ ਦੌਰਾਨ ਸ਼ਹਿਰ ਦੇ ਕਰੋੜਾਂ ਰੁਪਏ ਦੇ ਵਿਰਾਸਤੀ ਫਰਨੀਚਰ ਦੀ ਅਮਰੀਕਾ, ਯੂ. ਕੇ., ਫਰਾਂਸ ਅਤੇ ਜਰਮਨੀ ਸਮੇਤ ਹੋਰਨਾਂ ਦੇਸ਼ਾਂ 'ਚ ਨਿਲਾਮੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਵਸਤੂਆਂ ਲਈ ਸਖ਼ਤ ਨਿਯਮ ਬਣਾਉਣ ਦੀ ਲੋੜ ਹੈ, ਤਾਂ ਜੋ ਇਸ ਦੀ ਚੋਰੀ ਅਤੇ ਤਸਕਰੀ ਨੂੰ ਰੋਕਿਆ ਜਾ ਸਕੇ ਅਤੇ ਇਸ ਤਰ੍ਹਾਂ ਸ਼ਹਿਰ ਦੀਆਂ ਵਿਰਾਸਤੀ ਵਸਤੂਆਂ ਦੀ ਵਿਦੇਸ਼ਾਂ 'ਚ ਨਿਲਾਮੀ ਨਾ ਹੋਵੇ।