ਕਿਸਾਨਾਂ ਲਈ ਸਥਾਪਿਤ ਹੈਲਪਲਾਈਨ ਦੇ ਸਾਰਥਕ ਨਤੀਜੇ ਸਾਹਮਣੇ ਆਏ : ਮਜੀਠੀਆ

Saturday, Jun 16, 2018 - 06:21 AM (IST)

ਕਿਸਾਨਾਂ ਲਈ ਸਥਾਪਿਤ ਹੈਲਪਲਾਈਨ ਦੇ ਸਾਰਥਕ ਨਤੀਜੇ ਸਾਹਮਣੇ ਆਏ : ਮਜੀਠੀਆ

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ 'ਤੇ ਕਿਸਾਨਾਂ ਦੇ ਬੀਜੇ ਹੋਏ ਝੋਨੇ ਨੂੰ ਜ਼ਬਰਦਸਤੀ ਵਾਹੇ ਜਾਣ ਤੋਂ ਰੋਕਣ ਲਈ ਸ਼ੁਰੂ ਕੀਤੀ ਪਾਰਟੀ ਦੀ ਹੈਲਪਲਾਈਨ ਨਾਲ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਸ ਤਹਿਤ ਝੋਨੇ ਦੇ ਖੇਤਾਂ ਨੂੰ ਸਰਕਾਰੀ ਅਧਿਕਾਰੀਆਂ ਵਲੋਂ ਵਾਹੇ ਜਾਣ ਤੋਂ ਰੋਕਣ ਵਾਸਤੇ ਸੈਂਕੜੇ ਥਾਵਾਂ 'ਤੇ ਕਿਸਾਨ ਇੱਕਜੁਟ ਹੋ ਰਹੇ ਹਨ।ਇਹ ਖੁਲਾਸਾ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੱਲ ਸ਼ਾਮ ਸ਼ੁਰੂ ਹੋਈ ਹੈਲਪਲਾਈਨ ਦੇ ਨੰਬਰ 9815399333 ਉਤੇ 24 ਘੰਟਿਆਂ ਦੇ ਅੰਦਰ ਹੀ 500 ਤੋਂ ਵੱਧ ਫੋਨ ਆ ਚੁੱਕੇ ਹਨ, ਜਿਨ੍ਹਾਂ 'ਚੋਂ ਬਹੁਤੇ ਮਾਲਵਾ ਖੇਤਰ 'ਚੋਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਦਦ ਲਈ ਫੋਨ ਆਉਣ ਤੋਂ ਬਾਅਦ ਜਿੱਥੇ ਵੀ ਕਾਰਵਾਈ ਦੀ ਲੋੜ ਸੀ, ਅਕਾਲੀ ਦਲ ਦੀ ਜ਼ਿਲਾ ਲੀਡਰਸ਼ਿਪ ਨੂੰ ਦੱਸ ਦਿੱਤਾ ਗਿਆ ਅਤੇ ਉਨ੍ਹਾਂ ਨੇ ਤੁਰੰਤ ਸਬੰਧਿਤ ਖੇਤਰਾਂ ਵਿਚ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਣਗੇ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਖੇਤ ਨਹੀਂ ਵਾਹੁਣ ਦੇਣਗੇ।ਮਜੀਠੀਆ ਨੇ ਕਿਹਾ ਕਿ ਪਾਰਟੀ ਦੇ ਮੁੱਖ ਦਫ਼ਤਰ ਵਿਚ ਹੈਲਪਲਾਈਨ ਸ਼ੁਰੂ ਕੀਤੇ ਜਾਣ ਨਾਲ ਕੁੱਝ ਪ੍ਰੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਰਕਾਰੀ ਅਧਿਕਾਰੀ ਉਨ੍ਹਾਂ ਕਿਸਾਨਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ ਹਨ, ਜਿਹੜੇ ਕਾਂਗਰਸ ਦੇ ਸਮਰਥਕ ਅਤੇ ਆਗੂ ਹਨ, ਜਦਕਿ ਇਹ ਵਿਅਕਤੀ ਸਰਕਾਰ ਦੀ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਹੁਕਮ ਦੀ ਉਲੰਘਣਾ ਕਰਕੇ ਖੇਤਾਂ ਦੇ ਖੇਤ ਝੋਨੇ ਦੇ ਬੀਜ ਚੁੱਕੇ ਹਨ।


Related News