ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
Sunday, Jul 09, 2023 - 06:55 PM (IST)
ਰੋਪੜ/ਰੂਪਨਗਰ (ਵੈੱਬ ਡੈਸਕ, ਵਿਜੇ, ਕੈਲਾਸ਼)- ਬੀਤੇ ਦਿਨਾਂ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਕਈ ਥਾਵਾਂ 'ਤੇ ਇਹ ਬਾਰਿਸ਼ ਮੁਸੀਬਤ ਬਣ ਕੇ ਵੀ ਵਰ੍ਹੀ ਹੈ। ਪੰਜਾਬ ਵਿਚ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਰੂਪਨਗਰ ਦੇ ਐੱਸ. ਡੀ. ਐੱਮ. ਰੂਪਨਗਰ ਹਰਬੰਸ ਸਿੰਘ ਵੱਲੋਂ ਨੁਕਸਾਨੇ ਗਏ ਰਾਧਾ ਸੁਆਮੀ ਪਟਵਾਰਖਾਨਾ ਰੋਡ ਸਮੇਤ ਸ਼ਹਿਰਾਂ ਅਤੇ ਪਿੰਡਾਂ ਦਾ ਦੌਰਾ ਕੀਤਾ ਗਿਆ, ਤਾਂ ਜੋ ਬਾਰਿਸ਼ ਰੁਕਣ ਉਤੇ ਪ੍ਰਭਾਵਿਤ ਸੜਕਾਂ ਨੂੰ ਮੁੜ ਚਲਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਈ. ਆਈ. ਟੀ. ਰੂਪਨਗਰ ਅਤੇ ਬਰਸਾਤੀ ਬੁਧਕੀ ਨਦੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਵਿਭਾਗਾਂ ਦੇ ਮੁਖੀਆਂ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਵੱਧ ਤੋਂ ਵੱਧ ਸੰਪਰਕ ਕਾਇਮ ਰੱਖਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਜਾਨੀ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।
ਝੋਨੇ ਲੱਗੇ ਖੇਤ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੇ ਹਨ। ਪਿੰਡ ਚਨੌਲੀ, ਜੱਸੇ ਮਾਜਰਾ, ਕੋਲਾ ਪੁਰ ਅਤੇ ਹੋਰ ਅਨੇਕਾਂ ਪਿੰਡਾਂ ਵਿਚ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜਨ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਨੇ ਲੋਕਾਂ ਨੂੰ ਸੰਯਮ ਵਰਤਣ ਦੀ ਅਪੀਲ ਕੀਤੀ ਹੈ। ਇਲਾਕੇ ਦੇ ਕਈ ਪਿੰਡਾਂ ਵਿਚ ਬਰਸਾਤੀ ਖੱਡਾਂ ਦੇ ਬੰਨ੍ਹ ਟੁੱਟਣ ਕਾਰਨ ਪਾਣੀ ਪਿੰਡਾਂ ਵਿਚ ਵੜ੍ਹ ਗਿਆ ਹੈ। ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹ ਕੰਟਰੋਲ ਰੂਮ ਦੇ ਫੋਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਉੱਤਰੀ ਭਾਰਤ ਅਤੇ ਪਹਾੜੀ ਇਲਾਕਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਸਤਲੁਜ ਦਰਿਆ ਵਿਚ 14.90 ਫੁੱਟ ਪਾਣੀ ਵਹਿ ਰਿਹਾ ਹੈ। ਜਦਕਿ ਹੜ੍ਹ ਦੇ ਖ਼ਤਰੇ ਨੂੰ ਵੇਖਦੇ ਹੋਏ ਡਾਊਨ ਸਟ੍ਰੀਮ ਦਰਿਆ 'ਚ 1 ਲੱਖ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ।
ਸੂਤਰਾਂ ਮੁਤਾਬਕ ਜੇਕਰ ਡਾਊਨ ਸਟ੍ਰੀਮ 'ਚ ਪਾਣੀ 50 ਹਜ਼ਾਰ ਕਿਊਸਿਕ ਤੋਂ ਉਪਰ ਜਾਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਨੂੰ ਅਧਿਕਾਰੀਆਂ ਵੱਲੋਂ ਹੜ੍ਹ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਦੇ ਜੇ. ਈ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਪਿੱਛੇ ਤੋਂ ਜ਼ਿਆਦਾ ਪਾਣੀ ਆਉਣ ਕਾਰਨ ਅੱਜ ਡਾਊਨ ਸਟ੍ਰੀਮ ਵਿੱਚ 1 ਲੱਖ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜੋ ਲੁਧਿਆਣਾ ਦੇ ਰਸਤੇ ਤੋਂ ਹੁੰਦਾ ਹੋਇਆ ਪਾਕਿਸਤਾਨ ਦੀ ਸਰਹੱਦ ਵੱਲ ਜਾਵੇਗਾ। ਇਸ ਤੋਂ ਇਲਾਵਾ ਬਿਸਤ ਦੋਆਬੇ ਵਿੱਚ ਵੀ ਮੰਗ ਨਾ ਹੋਣ ਕਾਰਨ ਪਾਣੀ ਦਾ ਵਹਾਅ ਨਹੀਂ ਹੈ ਅਤੇ ਸਰਹਿੰਦ ਨਹਿਰ ਵਿੱਚ 874 ਕਿਊਸਿਕ ਪਾਣੀ ਆਮ ਨਾਲੋਂ ਬਹੁਤ ਘੱਟ ਛੱਡਿਆ ਗਿਆ ਹੈ। ਇਸ ਮੌਕੇ ਉਨ੍ਹਾਂ ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕਾਂ ਨੂੰ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਦਰਿਆ ਦੇ ਕਿਨਾਰਿਆਂ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਯੂ. ਸੀ. ਸੀ. ਅਤੇ ਬੰਦੀ ਸਿੱਖਾਂ ਦੀ ਰਿਹਾਈ ਵਰਗੇ ਮਸਲੇ ਬਣੇ ਭਾਜਪਾ-ਅਕਾਲੀ ਦਲ ਗਠਜੋੜ ’ਚ ਰੁਕਾਵਟ
ਉਥੇ ਹੀ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਭਾਰੀ ਬਾਰਿਸ਼ ਦੌਰਾਨ ਬਿਨਾਂ ਲੋੜ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ਉਤੇ ਕੰਟਰੋਲ ਰੂਮ 01881-221157 ਉਤੇ ਸੰਪਰਕ ਕੀਤਾ ਜਾਵੇ। ਉਥੇ ਹੀ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਫੂਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੂਚਿਤ ਕੀਤਾ ਕਿ ਬਾਰਿਸ਼ ਦੌਰਾਨ ਲੋੜ ਪੈਣ 'ਤੇ ਹੈਲਪਲਾਈਨ ਨੰਬਰ-112 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦਾ ਜਾਇਜ਼ਾ ਲੈਣ ਮਗਰੋਂ ਰੋਪੜ ਵਿਚ ਹੋ ਰਹੀ ਭਾਰੀ ਬਾਰਿਸ਼ ਨੂੰ ਵੇਖਦੇ ਹੋਏ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਰੇਲਵੇ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711