ਤੇਰੀ-ਮੇਰੀ ਲੜਾਈ ''ਚ ਡੁੱਬ ਰਿਹੈ ਸ਼ਹਿਰ, ਕਾਂਗਰਸ ਸਰਕਾਰ ਆਉਣ ਤੋਂ ਬਾਅਦ ਹੋਰ ਬਦਤਰ ਹੋਏ ਹਾਲਾਤ (pics)

Wednesday, Aug 02, 2017 - 07:05 PM (IST)

ਤੇਰੀ-ਮੇਰੀ ਲੜਾਈ ''ਚ ਡੁੱਬ ਰਿਹੈ ਸ਼ਹਿਰ, ਕਾਂਗਰਸ ਸਰਕਾਰ ਆਉਣ ਤੋਂ ਬਾਅਦ ਹੋਰ ਬਦਤਰ ਹੋਏ ਹਾਲਾਤ (pics)

ਜਲੰਧਰ(ਰਵਿੰਦਰ ਸ਼ਰਮਾ)— ਸੂਬੇ ਵਿਚ ਸਰਕਾਰ ਬਦਲਣ 'ਤੇ ਸ਼ਹਿਰ ਵਿਚ ਚਾਰੇ ਕਾਂਗਰਸੀ ਵਿਧਾਇਕਾਂ ਦੇ ਆਉਣ ਤੋਂ ਬਾਅਦ ਵੀ ਮਹਾਨਗਰ ਦੇ ਹਾਲਾਤ ਨਹੀਂ ਸੁਧਰ ਸਕੇ ਹਨ, ਸਗੋਂ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਹਨ। ਸਾਰੇ ਵਿਕਾਸ ਕਾਰਜ ਠੱਪ ਪਏ ਹਨ ਅਤੇ ਕਾਂਗਰਸ-ਭਾਜਪਾ ਦੋਵੇਂ ਤੇਰੀ-ਮੇਰੀ ਲੜਾਈ ਦੀ ਖੇਡ ਰਚ ਰਹੇ ਹਨ। ਸ਼ਹਿਰ ਦੀ ਜਨਤਾ ਅਤੇ ਵਿਕਾਸ ਵਲ ਕਿਸੇ ਦਾ ਧਿਆਨ ਨਹੀਂ ਹੈ। ਕਾਂਗਰਸੀ ਵਿਧਾਇਕ ਜਿੱਥੇ ਵਿਕਾਸ ਨਾ ਹੋਣ ਦਾ ਠੀਕਰਾ ਨਗਰ ਨਿਗਮ 'ਤੇ ਮੇਅਰ 'ਤੇ ਭੰਨ ਰਹੇ ਹਨ, ਉਥੇ ਹੀ ਮੇਅਰ ਸੁਨੀਲ ਜੋਤੀ ਵਿਕਾਸ ਕਾਰਜ ਰੁਕਣ ਦਾ ਹੱਲਾ ਲਗਾਤਾਰ ਕਾਂਗਰਸ 'ਤੇ ਬੋਲ ਰਹੇ ਹਨ। ਇਨ੍ਹਾਂ ਦੋਵਾਂ ਦੀ ਲੜਾਈ ਵਿਚ ਨੁਕਸਾਨ ਜਨਤਾ ਦਾ ਹੋ ਰਿਹਾ ਹੈ। ਮੰਗਲਵਾਰ ਸਵੇਰੇ ਕੁਝ ਘੰਟਿਆਂ ਦੇ ਮੀਂਹ ਨੇ ਹੀ ਸ਼ਹਿਰ ਨੂੰ ਪਾਣੀ ਵਿਚ ਡਬੋ ਦਿੱਤਾ। ਖਾਸ ਤੌਰ 'ਤੇ  120 ਫੁੱਟੀ ਰੋਡ ਅਤੇ ਬਸਤੀ ਬਾਵਾ ਖੇਲ ਰੋਡ ਤਾਂ ਕਈ ਘੰਟੇ ਸ਼ਹਿਰ ਨਾਲੋਂ ਕੱਟੇ ਰਹੇ। ਨਾ ਤਾਂ ਨਗਰ ਨਿਗਮ ਨੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੂਰੀ ਤਰ੍ਹਾਂ ਸੀਵਰੇਜ ਦੀ ਸਫਾਈ ਕਰਵਾਈ ਅਤੇ ਨਾ ਹੀ ਜਿੱਥੇ-ਜਿੱਥੇ ਪਾਣੀ ਜਮ੍ਹਾ ਹੁੰਦਾ ਹੈ, ਉਥੇ ਕੋਈ ਬਦਲ ਵਿਵਸਥਾ ਕੀਤੀ। 

PunjabKesari

ਮਾਰਚ ਮਹੀਨੇ ਵਿਚ ਕਾਂਗਰਸ ਨੇ ਸੂਬੇ ਦੀ ਸੱਤਾ ਸੰਭਾਲੀ ਸੀ। ਸਰਕਾਰ ਬਣਨ ਤੋਂ ਬਾਅਦ ਸ਼ਹਿਰ ਵਿਚ ਚੱਲ ਰਹੇ ਸਾਰੇ ਵਿਕਾਸ ਕੰਮਾਂ ਨੂੰ ਇਹ ਕਹਿ ਕੇ ਬੰਦ ਕਰਵਾ ਦਿੱਤਾ ਗਿਆ ਸੀ ਕਿ ਇਸ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਕਿਉਂਕਿ ਇਸ ਵਿਚ ਘਪਲਾ ਹੋਇਆ ਹੈ। ਹੁਣ ਸੂਬਾ ਸਰਕਾਰ ਫੰਡ ਨਾ ਹੋਣ ਦਾ ਰੋਣਾ ਰੋ ਰਹੀ ਹੈ ਅਤੇ ਕਾਂਗਰਸੀ ਵਿਧਾਇਕ ਵਿਕਾਸ ਨਾ ਕਰਵਾ ਕੇ ਸਿਰਫ ਮੀਟਿੰਗਾਂ ਕਰਕੇ ਹੀ ਟਾਈਮ ਪਾਸ ਕਰ ਰਹੇ ਹਨ। ਕਾਂਗਰਸੀ ਵਿਧਾਇਕਾਂ ਦਾ ਤਾਂ ਹੁਣ ਕੰਮ ਸਿਰਫ ਕਿਸੇ ਫੰਕਸ਼ਨ ਵਿਚ ਹਾਜ਼ਰੀ ਲਗਾ ਕੇ ਲੰਗਰ ਵੰਡਣ ਤੱਕ ਦਾ ਹੀ ਰਹਿ ਗਿਆ ਹੈ। ਕਿਸੇ ਵੀ ਨਵੇਂ ਵਿਕਾਸ ਕੰਮ ਦਾ ਟੈਂਡਰ ਨਹੀਂ ਲੱਗ ਰਿਹਾ। ਹੌਲੀ-ਹੌਲੀ ਨਿਗਮ ਚੋਣਾਂ ਤੋਂ ਪਹਿਲਾਂ ਹੀ ਹੁਣ ਜਨਤਾ ਦਾ ਕਾਂਗਰਸ ਤੋਂ ਵਿਸ਼ਵਾਸ ਉੱਠਣ ਲੱਗਾ ਹੈ।


Related News