ਸਾਲ 2013 ਤੋਂ ਬਾਅਦ ਪੰਜਾਬ ''ਚ ਪਹਿਲੀ ਵਾਰ ਬਾਰਿਸ਼ ਦਾ ਅੰਕੜਾ 442 ਐੱਮ. ਐੱਮ. ਤੱਕ ਪਹੁੰਚਿਆ
Monday, Sep 24, 2018 - 06:53 PM (IST)

ਜਲੰਧਰ— ਸ਼ਨੀਵਾਰ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਪੰਜਾਬ 'ਚ ਆਮ ਮਾਨਸੂਨ ਦਾ ਅੰਕੜਾ ਛੂਹ ਲਿਆ ਹੈ। ਪੰਜਾਬ 'ਚ ਪਿਛਲੇ 117 ਸਾਲਾ 'ਚ ਪਹਿਲਾ ਮੌਕਾ ਸੀ ਜਦੋਂ 2014 ਤੋਂ 2017 ਤੱਕ ਲਗਾਤਾਰ ਸੂਬੇ 'ਚ ਮਾਨਸੂਨ ਘੱਟ ਰਿਹਾ। ਇਸ ਤੋਂ ਪਹਿਲਾਂ ਸਾਲ 2013 'ਚ 468.4 ਐੱਮ. ਐੱਮ. ਬਾਰਿਸ਼ ਹੋਈ ਸੀ। ਇਸ ਸਾਲ ਪੰਜਾਬ 'ਚ 442. 8 ਐੱਮ. ਐੱਮ. ਬਾਰਿਸ਼ ਹੋ ਚੁੱਕੀ ਹੈ। 400 ਐੱਮ. ਐੱਮ. ਤੋਂ ਵਧ ਦੀ ਬਾਰਿਸ਼ ਨੂੰ ਆਮ ਸਮਝਿਆ ਜਾਂਦਾ ਹੈ। ਸੂਬੇ 'ਚ ਪਿਛਲੇ 24 ਘੰਟਿਆਂ 'ਚ ਹੋਈ ਬਾਰਿਸ਼ ਇਸ ਸੀਜ਼ਨ ਦੀ ਸਭ ਤੋਂ ਤੇਜ਼ ਬਾਰਿਸ਼ ਸੀ। ਪੰਜਾਬ 'ਚ ਸ਼ਨੀਵਾਰ ਤੱਕ ਸੀਜ਼ਨ ਦੀ 16 ਫੀਸਦੀ ਘੱਟ ਬਾਰਿਸ਼ ਰਿਕਾਰਡ ਹੋਈ ਸੀ ਜਦਕਿ ਐਤਵਾਰ ਸਵੇਰ ਤੱਕ ਇਹ ਕਮੀ ਸਿਰਫ 6 ਫੀਸਦੀ ਤੱਕ ਰਹਿ ਗਈ। ਯਾਨੀ ਇਕ ਦਿਨ 'ਚ ਪੰਜਾਬ 'ਚ ਸੀਜ਼ਨ ਦੀ ਕੁੱਲ ਬਾਰਿਸ਼ ਦਾ 10 ਫੀਸਦੀ ਪਾਣੀ ਵਰਿਆ। ਸੂਬੇ ਦੇ ਜ਼ਿਆਦਾਤਰ ਹਿੱਸਿਆ 'ਚ ਸੋਮਵਾਰ ਨੂੰ ਵੀ ਤੇਜ਼ ਬਾਰਿਸ਼ ਦੇ ਆਸਾਰ ਹਨ। ਮੰਗਲਵਾਰ ਨੂੰ ਹਲਕੇ ਬੱਦਲ ਅਤੇ ਬੁੱਧਵਾਰ ਨੂੰ ਮੌਸਮ ਸਾਫ ਰਹੇਗਾ।
ਰਾਵੀ 'ਚ ਹੜ ਦੇ ਆਸਾਰ, ਪਿੰਡਾਂ 'ਚ ਅਲਰਟ ਜਾਰੀ
ਬਾਰਿਸ਼ ਨਾਲ ਰਾਵੀ ਦਾ ਜਲ ਪੱਧਰ ਵੀ ਵਧ ਗਿਆ ਹੈ, ਜਿਸ ਕਾਰਨ ਉਝ ਬੰਨ੍ਹ ਦੇ ਗੇਟ ਖੋਲ੍ਹਣੇ ਪਏ। ਨੇੜੇ ਦੇ ਪਿੰਡਾਂ ਨੂੰ ਵੀ ਅਲਰਟ ਕੀਤਾ ਗਿਆ ਹੈ। ਬਾਰਿਸ਼ ਦੇ ਮੱਦੇਨਜ਼ਰ ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲੇ 'ਚ ਸਕੂਲਾਂ 'ਚ ਛੁੱਟੀ ਰਹੇਗੀ, ਉਥੇ ਹੀ ਮਾਲਵਾ 'ਚ ਨਰਮੇ ਅਤੇ ਝੋਨੇ ਦੀ 1500 ਏਕੜ ਤੋਂ ਜ਼ਿਆਦਾ ਫਸਲ ਡੁੱਬ ਚੁੱਕੀ ਹੈ।
ਹਿਮਾਚਲ: 12 ਜ਼ਿਲਿਆਂ 'ਚੋਂ 10 ਜ਼ਿਲਿਆਂ 'ਚ ਅਲਰਟ
ਹਿਮਾਚਲ 'ਚ ਬਾਰਿਸ਼ ਦੇ ਨਾਲ ਕਈ ਇਲਾਕਿਆਂ 'ਚ ਭਾਰੀ ਤਬਾਹੀ ਹੋਈ ਹੈ। ਚੰਡੀਗੜ੍ਹ-ਮਨਾਲੀ ਐੱਨ. ਐੱਚ ਸਮੇਤ 126 ਸੜਕਾਂ ਬੰਦ ਹੋ ਗਈਆਂ ਹਨ। ਕੁੱਲੂ 'ਚ ਬੱਦਲ ਫਟਣ ਨਾਲ ਬਿਆਸ ਵਿਚਕਾਰ 19 ਲੋਕ ਫਸੇ ਹੋਏ ਹਨ। ਸੂਬੇ 'ਚ 12 'ਚੋਂ 10 ਜ਼ਿਲਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਸਕੂਲ,ਕਾਲਜ ਬੰਦ ਰੱਖਣ ਨੂੰ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰ 8 ਵਜੇ ਤੋਂ ਲੈ ਕੇ ਐਤਵਾਰ ਸਵੇਰ 8 ਵਜੇ ਤੱਕ ਹੁਸ਼ਿਆਰਪੁਰ 'ਚ 173 ਐੱਮ. ਐੱਮ., ਆਦਮਪੁਰ 'ਚ 154, ਜਲੰਧਰ 135, ਹਲਵਾੜਾ 136 ਐੱਮ. ਐੱਮ., ਪਟਿਆਲਾ 80.4 ਐੱਮ. ਐੱਮ. ਲੁਧਿਆਣਾ 75.5 ਐੱਮ. ਐੱਮ. ਅੰਮ੍ਰਿਤਸਰ 54, ਬਠਿੰਡਾ 43.4 ਐੱਮ. ਐੱਮ. ਦਰਜ ਕੀਤੀ ਗਈ।