ਹੀਟਵੇਵ ਨੇ ਰੋਕੀ ਤੇਜ਼ ਰਫ਼ਤਾਰ ਜ਼ਿੰਦਗੀ, ਇਨਸਾਨ ਤਾਂ ਕੀ, ਪਸ਼ੂ-ਪੰਛੀ ਵੀ ਹੋਏ ਹਾਲੋ-ਬੇਹਾਲ

06/17/2024 2:17:34 AM

ਲੁਧਿਆਣਾ (ਖੁਰਾਣਾ)- ਹੀਟ ਵੇਵ (ਲੂ) ਦੇ ਲਗਾਤਾਰ ਵਧਦੇ ਕਹਿਰ ਕਾਰਨ ਮਹਾਨਗਰ ਦੀ ਤੇਜ਼ ਰਫਤਾਰ ਜ਼ਿੰਦਗੀ ਰੁਕ ਗਈ ਜਿਹੀ ਗਈ ਹੈ। ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਸਮੇਤ ਹਾਈਵੇ ਦੀਆਂ ਸੜਕਾਂ ’ਤੇ ਸੰਨਾਟਾ ਪਸਰਿਆ ਹੋਇਆ ਸੀ। ਅੱਗ ਉਗਲ ਰਹੀ ਤੇਜ਼ ਧੁੱਪ ਅਤੇ ਗਰਮੀ ਕਾਰਨ ਇਨਸਾਨ ਤਾਂ ਕੀ ਪਸ਼ੂ, ਪੰਛੀ ਅਤੇ ਜਾਨਵਰ ਤੱਕ ਵੀ ਬੇਹਾਲ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ਕਾਰਨ ਪੰਜਾਬ ਭਰ ’ਚ ਦਰਜਨਾਂ ਇਨਸਾਨੀ ਮੌਤਾਂ ਹੋ ਚੁੱਕੀਆਂ ਹਨ। ਉੱਥੇ ਲੁਧਿਆਣਾ ’ਚ ਹਾਲਾਤ ਇਹ ਬਣੇ ਹੋਏ ਹਨ ਕਿ ਦੁਪਹਿਰ 3 ਵਜੇ ਤੱਕ ਤਾਪਮਾਨ 43 ਡਿਗਰੀ ਨੂੰ ਛੂਹਣ ਲੱਗਾ, ਜਿਸ ਕਾਰਨ ਆਸਮਾਨ ਦੇ ਨਾਲ ਹੀ ਮਹਾਨਗਰ ਦੀਆਂ ਸੜਕਾਂ ਵੀ ਅੱਗ ਵਰਸਾਉਣ ਦਾ ਕੰਮ ਕਰ ਰਹੀਆਂ ਸਨ। ਇਸ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਗਰਮੀ ਦੇ ਸਿਤਮ ਤੋਂ ਰਾਹਤ ਪਾਉਣ ਲਈ ਫਿਲਹਾਲ ਬਰਸਾਤ ਪੈਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ।

PunjabKesari

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਹੈੱਡ ਆਫ ਦਿ ਮੈਟ੍ਰੋਲਾਜੀ ਡਿਪਾਰਟਮੈਂਟ ਅਤੇ ਮੌਸਮ ਵਿਭਾਗ ਡਾ. ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਜੂਨ ਤੱਕ ਮੌਸਮ ਦਾ ਮਿਜਾਜ਼ ਤੇਜ਼ ਬਣੇ ਰਹਿਣ ਦੀ ਸੰਭਾਵਨਾ ਹੈ।

‘ਜਗ ਬਾਣੀ’ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਦੌਰਾ ਕਰਨ ਦੌਰਾਨ ਕੈਮਰੇ ’ਚ ਕੈਦ ਕੀਤੀਆਂ ਗਈਆਂ ਤਸਵੀਰਾਂ ਭਿਆਨਕ ਗਰਮੀ ਦੀ ਸਚਾਈ ਨੂੰ ਕੁਝ ਇਸ ਤਰ੍ਹਾਂ ਬਿਆਨ ਕਰ ਰਹੀਆਂ ਹਨ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਆਮ ਤੌਰ ’ਤੇ ਲੋਕਾਂ ਦੀ ਚਹਿਲ-ਪਹਿਲ ਅਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਨਾਲ ਭਰੇ ਰਹਿਣ ਵਾਲੇ ਸ਼ਹਿਰ ਦੇ ਮੁੱਖ ਇਲਾਕਿਆਂ ਫਿਰੋਜ਼ਪੁਰ ਰੋਡ, ਮਾਲ ਰੋਡ, ਬੱਸ ਸਟੈਂਡ ਰੋਡ, ਭਾਰਤ ਨਗਰ ਚੌਕ, ਕਾਲਜ ਰੋਡ, ਰੋਜ਼ ਗਾਰਡਨ, ਰੱਖ ਬਾਗ, ਜਗਰਾਓਂ ਪੁਲ, ਸ਼੍ਰੀ ਦੁਰਗਾ ਮਾਤਾ ਮੰਦਰ ਚੌਕ ਆਦਿ ਦੀਆਂ ਸੜਕਾਂ ’ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਇਥੋਂ ਤੱਕ ਕਿ ਜੋ ਲੋਕ ਸੜਕਾਂ ’ਤੇ ਨਜ਼ਰ ਆਏ ਵੀ ਉਹ ਗਰਮੀ ਦੇ ਕਹਿਰ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਸਨ।

PunjabKesari

ਇਸ ਦੌਰਾਨ ਮਿਹਨਤਕਸ਼ ਲੋਕ ਰੋਡ ’ਤੇ ਬਣੀ ਬਹੁ-ਮੰਜ਼ਿਲਾ ਇਮਾਰਤ ਦੀਆਂ ਦੀਵਾਰਾਂ ਦੇ ਸਹਾਰੇ ਪੈ ਰਹੀ ਛਾਂ ’ਚ ਆਪਣਾ ਸਾਈਕਲ ਰਿਕਸ਼ਾ ਲਗਾ ਕੇ ਅਤੇ ਕੱਪੜੇ ਪ੍ਰੈੱਸ ਕਰਨ ਵਾਲੇ ਆਪਣੀ ਰੇਹੜੀ ਦੇ ਉੱਪਰ ਲੇਟ ਕੇ ਆਰਾਮ ਕਰਨ ਦਾ ਯਤਨ ਕਰ ਦੇ ਦਿਖਾਈ ਦਿੱਤੇ।

ਪੰਛੀ ਤੱਕ ਆਲ੍ਹਣਿਆਂ ’ਚ ਬੈਠੇ ਰਹੇ
ਦੁਪਹਿਰ ਦੇ ਸਮੇਂ ਪੈਣ ਵਾਲੀ ਭਿਆਨਕ ਗਰਮੀ ਕਾਰਨ ਹਾਲਾਤ ਇਹ ਬਣੇ ਹੋਏ ਸਨ ਕਿ ਇਨਸਾਨੀ ਚਹਿਲ-ਪਹਿਲ ਦੀ ਗੱਲ ਤਾਂ ਛੱਡੋ, ਕਿਤੇ ਪੰਛੀਆਂ ਦੀ ਚਹਿਲ-ਪਹਿਲ ਅਤੇ ਆਵਾਜ਼ ਤੱਕ ਵੀ ਕੰਨਾਂ ’ਚ ਸੁਣਾਈ ਨਹੀਂ ਪੈ ਰਹੀ ਸੀ। ਮੰਨੋ ਜਿਵੇਂ ਐਤਵਾਰ ਦੀ ਛੁੱਟੀ ਮਨਾਉਣ ਲਈ ਸਾਰੇ ਪੰਛੀ ਆਪਣੇ ਆਲ੍ਹਣਿਆਂ ’ਚ ਹੀ ਪਾਰਟੀ ਕਰ ਰਹੇ ਹੋਣ।

ਗਜਰਾਜ ਵੀ ਹੋਏ ਪ੍ਰੇਸ਼ਾਨ
ਇਸ ਦੌਰਾਨ ਫਿਰੋਜ਼ਪੁਰ ਰੋਡ ’ਤੇ ਸਥਿਤ ਨਹਿਰ ਕੋਲ ਗਰਮੀ ਤੋਂ ਬੇਹਾਲ ਹਾਥੀ ਵੀ ਆਪਣੀ ਸੁੰਡ ’ਚ ਪਾਣੀ ਭਰ ਕੇ ਨਹਾਉਂਦੇ ਹੋਏ ਕੁਝ ਸਮੇਂ ਲਈ ਗਰਮੀ ਦੀ ਮਾਰ ਤੋਂ ਬਚਣ ਦਾ ਯਤਨ ਕਰ ਰਿਹਾ ਸੀ। ਗੱਲਬਾਤ ਕਰਨ ’ਤੇ ਮਹਾਵਤ ਨੇ ਦੱਸਿਆ ਕਿ ਗਰਮੀ ਕਾਰਨ ਕੁਝ ਦੂਰ ਚੱਲ ਕੇ ਗਜਰਾਜ ਵੀ ਸਿਰ ਮਾਰ ਦਿੰਦੇ ਹਨ।

PunjabKesari

ਜਾਨ ਜੋਖਿਮ ’ਚ ਪਾ ਕੇ ਨਹਿਰਾਂ ’ਚ ਨਹਾਉਣ ਦਾ ਦੌਰ ਜਾਰੀ
ਗਿੱਲ ਰੋਡ ’ਤੇ ਸਥਿਤ ਨਹਿਰ ’ਚ ਬੱਚੇ, ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਡੁਬਕੀਆਂ ਲਗਾਉਂਦੇ ਦੇਖੇ ਗਏ। ਇਸ ਦੌਰਾਨ ਇਕ ਨੌਜਵਾਨ ਤਾਂ ਨਹਿਰ ਦੇ ਕਿਨਾਰੇ ਲੱਗੇ ਦਰੱਖਤ ’ਤੇ ਚੜ੍ਹ ਕੇ ਨਹਿਰ ’ਚ ਛਲਾਂਗ ਲਗਾ ਕੇ ਨਹਿਰ ਦੇ ਠੰਢੇ ਪਾਣੀ ਦੇ ਮਜੇ ਲੈ ਰਿਹਾ ਸੀ। ਹਾਲਾਂਕਿ ਇਹ ਜੋਖਿਮ ’ਚ ਪਾਉਣ ਵਾਲਾ ਕੰਮ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News