ਪੰਜਾਬ 'ਚ ਗਰਮੀ ਨੇ ਕਰਾਈ ਲੋਕਾਂ ਦੀ ਹਾਏ-ਤੌਬਾ, ਕਿਸਾਨਾਂ ਨੂੰ ਸਲਾਹ

Thursday, May 30, 2019 - 03:18 PM (IST)

ਪੰਜਾਬ 'ਚ ਗਰਮੀ ਨੇ ਕਰਾਈ ਲੋਕਾਂ ਦੀ ਹਾਏ-ਤੌਬਾ, ਕਿਸਾਨਾਂ ਨੂੰ ਸਲਾਹ

ਲੁਧਿਆਣਾ : ਪੂਰੇ ਪੰਜਾਬ 'ਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਜੂਨ ਮਹੀਨੇ ਵੱਲ ਵਧਦੇ ਹੀ ਤਾਪਮਾਨ 'ਚ ਤੇਜ਼ੀ ਨਾਲ ਉਛਾਲ ਆਉਣ ਲੱਗਾ ਹੈ। ਸਵੇਰ ਤੋਂ ਹੀ ਚੱਲਦੀ 'ਲੂ' ਕਾਰਨ ਲੋਕ ਬੁਰੀ ਤਰ੍ਹਾਂ ਝੁਲਸ ਰਹੇ ਹਨ ਅਤੇ ਹਰ ਕਿਸੇ ਦੇ ਮੂੰਹੋਂ ਗਰਮੀ ਕਾਰਨ ਹਾਏ-ਤੌਬਾ ਨਿਕਲ ਰਹੀ ਹੈ। ਸਵੇਰ ਦੇ 11 ਵੱਜਦੇ ਹੀ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਦੁਪਹਿਰ ਹੋ ਗਈ ਹੋਵੇ। ਸ਼ਾਮ ਢਲਣ ਤੱਕ 'ਲੂ' ਦਾ ਕਹਿਰ ਸਰੀਰ ਨੂੰ ਝੁਲਸਾ ਕੇ ਰੱਖ ਦੇਣ ਵਾਲਾ ਰਹਿੰਦਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਰਾਹਗੀਰ ਰੁੱਖਾਂ ਦੀ ਸ਼ੈਲਟਰ ਲੈਂਦੇ ਦਿਖਾਈ ਦਿੰਦੇ ਹਨ, ਉੱਥੇ ਪੰਛੀ ਵੀ ਪਿਆਸ ਬੁਝਾਉਣ ਲਈ ਪਾਣੀ ਦੀ ਭਾਲ 'ਚ ਭਟਕਦੇ ਦਿਖ ਰਹੇ ਹਨ।

PunjabKesari
ਕਿਸਾਨਾਂ ਨੂੰ ਨੇਕ ਸਲਾਹ
ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜ਼ਾਜ ਖੁਸ਼ ਅਤੇ ਗਰਮ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਮੌਜੂਦਾ ਮੌਸਮ ਦੌਰਾਨ ਕਿਸਾਨਾਂ ਨੂੰ ਇਹ ਨੇਕ ਸਲਾਹ ਦਿੱਤੀ ਹੈ ਕਿ ਉਹ ਸਬਜ਼ੀਆਂ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਖੇਤੀ ਮਾਹਰਾਂ ਨਾਲ ਤਾਲਮੇਲ ਬਣਾਈ ਰੱਖਣ ਤਾਂ ਜੋ ਉਨ੍ਹਾਂ ਨੂੰ ਆਰਥਕ ਤੌਰ 'ਤੇ ਨੁਕਸਾਨ ਨਾ ਸਹਿਣਾ ਪਵੇ। ਇੱਥੇ ਇਹ ਦੱਸ ਦੇਈਏ ਕਿ ਪਾਵਰਕਾਮ ਦੇ ਲਈ ਵਧਦੀ ਗਰਮੀ 'ਚ ਰੈਗੂਲਰ ਅਤੇ ਕੁਆਲਿਟੀ ਭਰਪੂਰ ਬਿਜਲੀ ਸਪਲਾਈ ਦੇਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਬਚਣ ਲਈ ਕਰੋ ਇਹ ਉਪਾਅ
ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਰੱਜ ਕੇ ਪਾਣੀ ਪੀਓ, ਲੂਜ਼, ਸੂਤੀ ਅਤੇ ਆਰਾਮਦਾਇਕ ਕੱਪੜੇ ਪਹਿਨੋ, ਬਾਹਰ ਧੁੱਪ 'ਚ ਨਿਕਲਣ ਤੋਂ ਪਹਿਲਾਂ ਸਿਰ ਕਵਰ ਕਰ ਕੇ ਨਿਕਲੋ, ਹੋ ਸਕੇ ਤਾਂ ਗਿੱਲਾ ਤੌਲੀਆ ਵਰਤੋ, ਪਾਣੀ, ਓ. ਆਰ. ਐੱਸ. ਦਾ ਘੋਲ ਜਾਂ ਫਿਰ ਲੱਸੀ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰੋ, ਦੁਪਹਿਰ ਦੇ ਸਮੇਂ ਘਰੋਂ ਬਾਹਰ ਘੱਟ ਨਿਕਲੋ, ਬਾਹਰ ਦੇ ਕੰਮ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਨਿਪਟਾ ਲਓ ਤਾਂ ਬਿਹਤਰ ਰਹੇਗਾ।


author

Babita

Content Editor

Related News