ਤੰਦੂਰ ਵਾਂਗ ਤਪ ਰਹੀ ਧਰਤੀ ’ਤੇ 43 ਡਿਗਰੀ ਤਾਪਮਾਨ ਨੇ ਲੋਕਾਂ ਦੀ ਕਰਵਾਈ ਤੌਬਾ, ਕਰ ਰਹੇ ਨੇ ਤ੍ਰਾਹ-ਤ੍ਰਾਹ
Thursday, Jun 10, 2021 - 10:55 AM (IST)
ਗੁਰਦਾਸਪੁਰ (ਹਰਮਨ) - ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਹੋ ਰਹੇ ਵਾਧੇ ਕਾਰਨ ਗੁਰਦਾਸਪੁਰ ਸਮੇਤ ਉਤਰੀ ਭਾਰਤ ’ਚ ਧਰਤੀ ਤੰਦੂਰ ਵਾਂਗ ਤਪ ਰਹੀ ਹੈ ਅਤੇ ਅੱਤ ਦੀ ਗਰਮੀ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਹਾਲਾਤ ਇਹ ਬਣ ਗਏ ਹਨ ਕਿ ਗੁਰਦਾਸਪੁਰ ਖੇਤਰ ਵਿੱਚ ਦਿਨ ਦਾ ਤਾਪਮਾਨ 43 ਡਿਗਰੀ ਤੋਂ ਵੀ ਵੱਧ ਗਿਆ ਹੈ, ਜਿਸ ਕਾਰਨ ਚਾਰੇ ਪਾਸੇ ਚਲ ਰਹੀਆਂ ਗਰਮ ਹਵਾਵਾਂ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਰਹੀਆਂ ਹਨ। ਸਿਰਫ਼ ਦਿਨ ਵੇਲੇ ਹੀ ਨਹੀਂ ਸਗੋਂ ਰਾਤ ਨੂੰ ਵੀ ਤਾਪਮਾਨ 30 ਡਿਗਰੀ ਦੇ ਆਸ-ਪਾਸ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਅਨੇਕਾਂ ਥਾਵਾਂ ’ਤੇ ਲੋਕਾਂ ਨੂੰ ਏ. ਸੀ. ਵੀ ਗਰਮੀ ਤੋਂ ਰਾਹਤ ਦੇਣ ਵਿੱਚ ਕਾਮਯਾਬ ਨਹੀਂ ਹੋ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ ਖੇਤਰ ’ਚ ਅਜੇ ਤਿੰਨ ਦਿਨ ਹੋਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਖੇਤਰ ਅੰਦਰ ਦਿਨ ਦਾ ਤਾਪਮਾਨ 42 ਤੋਂ 43 ਡਿਗਰੀ ਸੈਂਟੀਗਰੇਡ ਦੇ ਆਸ-ਪਾਸ ਹੀ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 12 ਤੋਂ 15 ਜੂਨ ਤੱਕ ਕੁਝ ਇਲਾਕਿਆਂ ਅੰਦਰ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ਦੌਰਾਨ ਤੇਜ਼ ਤੂਫਾਨ ਵੀ ਆ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - Surya Grahan 2021: ਭਾਰਤ ’ਚ ਅੱਜ ਲਗੇਗਾ ‘ਸੂਰਜ ਗ੍ਰਹਿਣ’, ਜਾਣੋ ਇਸ ਮੌਕੇ ਕੀ ਕਰੀਏ ਤੇ ਕਿਨ੍ਹਾਂ ਗੱਲਾਂ ਦਾ ਰੱਖੀਏ ਧਿਆਨ
ਕਿਸਾਨਾਂ ਨੇ ਦੱਸਿਆ ਕਿ ਅੱਤ ਦੀ ਗਰਮੀ ਕਾਰਨ ਉਨ੍ਹਾਂ ਵੱਲੋਂ ਬੀਜੀਆਂ ਗਈਆਂ ਚਾਰੇ ਵਾਲੀਆਂ ਫ਼ਸਲਾਂ, ਸਬਜ਼ੀਆਂ ਅਤੇ ਝੋਨੀ ਦੀ ਪਨੀਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਪਸ਼ੂ-ਪੰਛੀ ਵੀ ਗਰਮੀ ਦੀ ਮਾਰ ਹੇਠ ਆ ਰਹੇ ਹਨ। ਇਥੇ ਹੀ ਬੱਸ ਨਹੀਂ ਗਰਮੀ ਕਾਰਨ ਲੋਕਾਂ ਦੀ ਸਿਹਤ ਵੀ ਵਿਗੜਨੀ ਸ਼ੁਰੂ ਹੋ ਗਈ ਹੈ। ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਰਮੀ ਦੇ ਪ੍ਰਕੋਪ ਤੋਂ ਬਚਾਅ ਕਰਨ ਲਈ ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ
ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ 8-10 ਗਲਾਸ ਪਾਣੀ ਪੀਣਾ ਚਾਹੀਦਾ ਹੈ ਅਤੇ ਨਿੰਬੂ ਪਾਣੀ, ਲੱਸੀ ਵਰਗੇ ਤਰਲ ਪਦਾਰਥ ਵੀ ਗਰਮੀ ਤੋਂ ਰਾਹਤ ਦੇ ਸਕਦੇ ਹਨ। ਇਸ ਗਰਮੀ ਕਾਰਨ ਮਨੁੱਖੀ ਸਿਹਤ ਦੇ ਨਾਲ ਨਾਲ ਲੋਕਾਂ ਦੇ ਕਾਰੋਬਾਰਾਂ 'ਤੇ ਵੀ ਅਸਰ ਪੈ ਰਿਹਾ ਹੈ। ਗੁਰਦਾਸਪੁਰ ਦੇ ਕਈ ਵਪਾਰੀਆਂ ਨੇ ਦੱਸਿਆ ਕਿ ਦੁਪਹਿਰ ਵੇਲੇ ਬਜ਼ਾਰਾਂ ਵਿੱਚ ਸੁੰਨ ਪਸਰੀ ਰਹਿੰਦੀ ਹੈ ਅਤੇ ਸ਼ਾਮ ਵੇਲੇ ਲਾਕਡਾਊਨ ਲੱਗ ਜਾਂਦਾ ਹੈ, ਜਿਸ ਕਾਰਨ ਕਾਰੋਬਾਰਾਂ 'ਤੇ ਅਸਰ ਪੈ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ)