ਕੋਵਿਡ ਦੌਰਾਨ ਜੱਚਾ-ਬੱਚਾ ਸਿਹਤ ਸੇਵਾਵਾਂ ਸਫ਼ਲਤਾ ਪੂਰਵਕ ਪ੍ਰਦਾਨ ਕੀਤੀਆਂ ਜਾ ਰਹੀਆਂ : ਡਾ. ਕੰਗ
Monday, Aug 02, 2021 - 04:49 PM (IST)
ਚੰਡੀਗੜ੍ਹ : ਕੋਵਿਡ-19 ਦੌਰਾਨ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਜੱਚਾ-ਬੱਚਾ ਸਿਹਤ ਪ੍ਰੋਗਰਾਮ ਅਧੀਨ ਮਿਆਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅੰਦੇਸ਼ ਕੰਗ ਨੇ ਅਪ੍ਰੈਲ 2020 ਤੋਂ ਮਾਰਚ 2021 ਤੱਕ ਦੇ ਅੰਕੜਿਆਂ ਨੂੰ ਸਾਂਝਾ ਕੀਤਾ, ਜਿੱਥੇ ਜੱਚਾ-ਬੱਚਾ ਸਿਹਤ ਸੇਵਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ, ਕੁੱਲ 100 ਫ਼ੀਸਦ ਰਜਿਸਟਰਡ ਗਰਭਵਤੀ ਮਹਿਲਾਵਾਂ ਵਿੱਚੋਂ 98.54 ਫ਼ੀਸਦ ਜਣੇਪੇ ਹਸਪਤਾਲਾਂ ਵਿੱਚ ਹੋਏ ਹਨ।
ਕੋਵਿਡ -19 ਮਹਾਮਾਰੀ ਦੌਰਾਨ, ਮੈਡੀਕਲ ਸਟਾਫ਼ ਜਿਆਦਾਤਰ ਕੋਵਿਡ ਸੰਬੰਧੀ ਡਿਊਟੀਆਂ ਵਿੱਚ ਲੱਗੇ ਹੋਏ ਸਨ ਅਤੇ ਇਸ ਦੇ ਨਾਲ ਹੀ ਮੈਡੀਕਲ ਸਟਾਫ਼ ਵੱਲੋਂ ਹੋਰ ਜ਼ਰੂਰੀ ਮੈਡੀਕਲ ਸੇਵਾਵਾਂ ਜਿਵੇਂ ਜੱਚਾ-ਬੱਚਾ ਸਿਹਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਹਾਲਾਂਕਿ ਸਿਹਤ ਵਿਭਾਗ ਨੇ ਚੋਣਵੀਆਂ ਸਰਜਰੀਆਂ ਬੰਦ ਕਰ ਦਿੱਤੀਆਂ ਸਨ ਪਰ ਸਿਹਤ ਵਿਭਾਗ ਦੇ ਮੈਡੀਕਲ ਸਟਾਫ਼ ਵੱਲੋਂ ਕੋਵਿਡ 'ਤੇ ਆਪਣਾ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ 24 ਘੰਟੇ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਨੂੰ 108 ਰਾਹੀਂ ਮੁਫ਼ਤ ਪਿਕ ਐਂਡ ਡ੍ਰਾਪ ਸੇਵਾ ਪ੍ਰਦਾਨ ਕਰਨ ਦੇ ਨਾਲ-ਨਾਲ ਆਮ ਜਣੇਪੇ ਲਈ ਤਿੰਨ ਦਿਨ ਅਤੇ ਸੀਜ਼ੇਰੀਅਨ ਸੈਕਸ਼ਨ ਲਈ ਸੱਤ ਦਿਨ ਦਾ ਭੋਜਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਾ. ਅੰਦੇਸ਼ ਕੰਗ ਨੇ ਕਿਹਾ ਕਿ ਸੁਰੱਖਿਅਤ ਡਿਲੀਵਰੀ ਹਰ ਮਾਂ ਅਤੇ ਬੱਚੇ ਦਾ ਬੁਨਿਆਦੀ ਅਧਿਕਾਰ ਹੈ, ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਸੁਰੱਖਿਅਤ ਡਿਲਿਵਰੀ ਸੇਵਾ ਲੈਣ ਲਈ ਪ੍ਰੇਰਿਤ ਕਰਕੇ ਸ਼ਾਨਦਾਰ ਕੰਮ ਕੀਤਾ ਗਿਆ ਹੈ। ਕੋਵਿਡ -19 ਕਾਰਨ ਸਿਹਤ ਸੇਵਾਵਾਂ ਲੈਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਖੇਤਰ ਵਿੱਚ ਲੱਗੇ ਸਟਾਫ਼ ਦੀ ਸਹਾਇਤਾ ਨਾਲ ਲਾਭਪਾਤਰੀ ਜਣੇਪੇ ਲਈ ਸਿਹਤ ਸਹੂਲਤਾਂ ਵਿੱਚ ਪਹੁੰਚ ਰਹੇ ਹਨ।