ਆਸਿਫ਼ ਸ਼ਾਹ ਨੇ ਬਣਾਇਆ ਸਾਫਟਵੇਅਰ, ਇਕ ਕਲਿੱਕ ''ਤੇ ਮਿਲੇਗੀ ਸਿਹਤ ਸੰਬੰਧੀ ਜਾਣਕਾਰੀ
Friday, Jan 12, 2018 - 12:58 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਜ਼ਿਲਾ ਬਰਨਾਲਾ ਦੇ ਪਿੰਡ ਰਾਏਸਰ ਦੇ ਗੁਲਜ਼ਾਰ ਸ਼ਾਹ ਪਟਵਾਰੀ ਦੇ ਹੋਣਹਾਰ ਪੁੱਤਰ ਆਸਿਫ਼ ਸ਼ਾਹ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ ਡਿਜੀਟਲ ਇੰਡੀਆ ਤੋਂ ਪ੍ਰਭਾਵਿਤ ਹੋ ਕੇ ਹੈਲਥ ਕੇਅਰ ਸੈਕਟਰ ਵਿਚ ਪੂਰੀ ਤਰ੍ਹਾਂ ਡਿਜੀਟਲ ਸੇਵਾਵਾਂ ਦੇਣ ਲਈ 'ਸਟੈਥੋ ਹੈਲਥ ਸਿਸਟਮ' ਦੇ ਨਾਂ ਨਾਲ ਆਪਣੀ ਕੰਪਨੀ ਦ ਆਗਾਜ਼ ਕੀਤਾ ਹੈ। ਜਾਮੀਆ ਦੇ ਐੱਮ. ਏ. ਅੰਸਾਰੀ ਹੈਲਥ ਸੈਂਟਰ ਨਾਲ ਸਮਝੌਤਾ ਕੀਤਾ ਹੈ ਕਿ ਆਸਿਫ਼ ਦੀ ਕੰਪਨੀ ਸਿਹਤ ਕੇਂਦਰ ਨੂੰ ਪੂਰੀ ਤਰ੍ਹਾਂ ਡਿਜੀਟਲਾਈਜ਼ ਕਰੇਗੀ।
ਜਾਮੀਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਤਲਬ ਅਹਿਮਦ ਨੇ ਨਵੇਂ ਸਾਲ ਦੇ ਸ਼ੁਭ ਮੌਕੇ 'ਤੇ ਆਪਣੇ ਕਰਕਮਲਾਂ ਨਾਲ ਇਸ ਪ੍ਰਾਜੈਕਟ ਨੂੰ ਲਾਂਚ ਕੀਤਾ। ਪ੍ਰੋ. ਅਹਿਮਦ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਾਡੀ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਤਰ੍ਹਾਂ ਦੀ ਸੋਚ ਰੱਖਦੇ ਹਨ। ਮੈਂ ਆਸਿਫ ਸ਼ਾਹ ਵਰਗੇ ਵਿਦਿਆਰਥੀਆਂ ਦੀ ਸੋਚ ਅਤੇ ਆਤਮਵਿਸ਼ਵਾਸ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਆਸਿਫ਼ ਨੇ ਜਦੋਂ ਮੇਰੇ ਕੋਲ ਇਹ ਪ੍ਰਸਤਾਵ ਰੱਖਿਆ ਤਾਂ ਮੈਂ ਬਹੁਤ ਖੁਸ਼ ਹੋਇਆ। ਕੰਪਨੀ ਦੇ ਸੀ. ਈ. ਓ. ਆਸਿਫ਼ ਸ਼ਾਹ ਨੇ ਕਿਹਾ ਕਿ ਮੈਂ ਬਿਜ਼ਨੈੱਸ ਵਿਚ ਵਿਸ਼ਵਾਸ ਰੱਖਦਾ ਹਾਂ। ਮੈਂ ਜਾਮੀਆ ਦਾ ਵਿਦਿਆਰਥੀ ਹਾਂ ਇਸ ਲਈ ਮੇਰਾ ਫਰਜ਼ ਹੈ ਕਿ ਮੈਂ ਇਹ ਸਿਸਟਮ ਜਾਮੀਆ ਤੋਂ ਸ਼ੁਰੂ ਕਰਾਂ। ਆਸਿਫ਼ ਸ਼ਾਹ ਨੂੰ ਜਲਦੀ ਹੀ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਪ੍ਰਾਜੈਕਟ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹ ਵਿਦੇਸ਼ਾਂ ਵਿਚ ਵੀ ਆਪਣਾ ਕਰੋਬਾਰ ਚਲਾਉਣਾ ਚਾਹੁੰਦਾ ਹੈ।