ਸਿਹਤ ਬੀਮਾ ਕਰਵਾਉਣਾ ਪਿਆ ਮਹਿੰਗਾ
Wednesday, Oct 25, 2017 - 06:57 AM (IST)
ਸੰਗਰੂਰ(ਬਾਵਾ)- ਸੰਗਰੂਰ ਦੇ ਇਕ ਵਿਅਕਤੀ ਨੂੰ ਸਿਹਤ ਬੀਮਾ ਕਰਵਾਉਣਾ ਉਸ ਸਮੇਂ ਮਹਿੰਗਾ ਪਿਆ ਜਦੋਂ ਇਲਾਜ ਦੌਰਾਨ ਕੰਪਨੀ ਦੇ ਸਰਵੇਅਰ ਨੇ ਵਿਅਕਤੀ ਦੇ ਡਾਕਟਰੀ ਇਲਾਜ ਲਈ ਬਣਿਆ ਬਿੱਲ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਤੁਸੀਂ ਸ਼ਰਾਬ ਪੀਂਦੇ ਹੋ ਇਸ ਲਈ ਤੁਸੀਂ ਕੰਪਨੀ ਤੋਂ ਕਲੇਮ ਲੈਣ ਦੇ ਹੱਕਦਾਰ ਨਹੀਂ। ਸੰਗਰੂਰ ਵਾਸੀ ਅਮਰੀਕ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ 'ਜਗ ਬਾਣੀ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ 27 ਜੁਲਾਈ 2017 ਨੂੰ ਆਈ. ਸੀ. ਆਈ. ਸੀ. ਆਈ. ਨਾਬਾਰਡ ਹੈਲਥ ਕੇਅਰ ਰਾਹੀਂ ਆਪਣਾ ਅਤੇ ਆਪਣੀ ਪਤਨੀ ਦਾ ਸਿਹਤ ਬੀਮਾ ਕਰਵਾਇਆ ਸੀ। ਉਹ 27 ਸਤੰਬਰ ਨੂੰ ਆਪਣੇ ਰਿਸ਼ਤੇਦਾਰੀ ਵਿਚ ਵਿਆਹ 'ਤੇ ਗਏ ਸਨ ਅਤੇ ਵਾਪਸ ਆਉਣ 'ਤੇ ਬੀਮਾਰ ਹੋ ਗਏ। 28 ਸਤੰਬਰ ਨੂੰ ਉਹ ਸੰਗਰੂਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਹੋਏ, ਜੋ ਬੀਮਾ ਕੰਪਨੀ ਵੱਲੋਂ ਅਧਿਕਾਰਤ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਹ ਚਾਰ ਦਿਨ ਹਸਪਤਾਲ ਵਿਚ ਦਾਖਲ ਰਹੇ ਅਤੇ ਆਪਣਾ ਇਲਾਜ ਕਰਵਾਉਂਦੇ ਰਹੇ। ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਦੀ ਬੀਮਾ ਪਾਲਿਸੀ ਮੁਤਾਬਕ ਕੰਪਨੀ ਨੂੰ ਸੂਚਿਤ ਕਰ ਕੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਅਮਰੀਕ ਸਿੰਘ ਨੇ ਕਿਹਾ ਕਿ 30 ਸਤੰਬਰ ਨੂੰ ਜਦੋਂ ਉਹ ਗੰਭੀਰ ਹਾਲਤ ਵਿਚ ਹਸਪਤਾਲ 'ਚ ਦਾਖਲ ਸਨ ਤਾਂ ਕੰਪਨੀ ਦਾ ਸਰਵੇਅਰ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਰਿਪੋਰਟਾਂ ਮੁਤਾਬਿਕ ਉਨ੍ਹਾਂ ਨੂੰ ਪੀਲੀਏ ਦੀ ਸ਼ਿਕਾਇਤ ਹੈ ਅਤੇ ਪੈਕਰੀਆ ਹੋ ਗਿਆ ਹੈ। ਅਮਰੀਕ ਸਿੰਘ ਅਨੁਸਾਰ ਸਰਵੇਅਰ ਨੇ ਕਿਹਾ ''ਤੇਰੀ ਬੀਮਾਰੀ ਦਾ ਸਾਰਾ ਬਿੱਲ ਕੰਪਨੀ ਦੇਵੇਗੀ ਜੇਕਰ ਤੂੰ ਲਿਖ ਕੇ ਦੇ ਦੇਵੇ ਕਿ ਤੂੰ ਸ਼ਰਾਬ ਪੀਣ ਦਾ ਆਦੀ ਹੈ ਅਤੇ ਵਿਆਹ ਵਿਚ ਵੀ ਸ਼ਰਾਬ ਪੀਤੀ ਸੀ, ਤੈਨੂੰ ਕੰਪਨੀ ਪੂਰਾ ਕਲੇਮ ਦੇ ਦੇਵੇਗੀ। '' ਉਨ੍ਹਾਂ ਦੱਸਿਆ ਕਿ ਬੀਮਾਰੀ ਦੀ ਹਾਲਤ ਵਿਚ ਸਰਵੇਅਰ ਨੇ ਜੋ ਕਿਹਾ ਉਨ੍ਹਾਂ ਲਿਖ ਕੇ ਦੇ ਦਿੱਤਾ। ਅਮਰੀਕ ਸਿੰਘ ਨੇ ਦੱਸਿਆ ਕਿ ਜਦੋਂ ਹਸਪਤਾਲ ਵਿਚੋਂ ਉਨ੍ਹਾਂ ਨੂੰ ਛੁੱਟੀ ਮਿਲੀ ਤਾਂ ਡਾਕਟਰ ਨੇ ਇਲਾਜ ਦਾ ਬਿੱਲ ਉਨ੍ਹਾਂ ਦੇ ਹੱਥ ਵਿਚ ਫੜਾ ਦਿੱਤਾ ਅਤੇ ਦੱਸਿਆ ਕਿ ਉਨ੍ਹਾਂ ਕੰਪਨੀ ਨੂੰ ਲਿਖ ਕੇ ਦਿੱਤਾ ਹੈ ਕਿ ਉਹ ਸ਼ਰਾਬ ਪੀਣ ਦੇ ਆਦੀ ਹਨ, ਇਸ ਲਈ ਕੰਪਨੀ ਨੇ ਉਨ੍ਹਾਂ ਦਾ ਕਲੇਮ ਰੱਦ ਕਰ ਦਿੱਤਾ ਹੈ। ਅਮਰੀਕ ਸਿੰਘ ਨੇ ਕਿਹਾ ਕਿ ਉਸ ਨੂੰ ਸਿਹਤ ਪਾਲਿਸੀ ਲੈਣ ਦੇ ਬਾਵਜੂਦ ਡਾਕਟਰ ਦਾ ਬਿੱਲ ਦੇਣਾ ਪਿਆ, ਜੋ ਕਿ ਸਰਾਸਰ ਧੋਖਾ ਹੈ। ਉਧਰ ਉਕਤ ਕੰਪਨੀ ਦੇ ਬੀਮਾ ਕਰਨ ਵਾਲੇ ਮੁਲਾਜ਼ਮ ਪ੍ਰੇਮ ਦਿੜ੍ਹਬਾ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਨੇ ਸਰਵੇਅਰ ਨੂੰ ਲਿਖ ਕੇ ਦਿੱਤਾ ਹੈ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ। ਇਸ ਲਈ ਕੰਪਨੀ ਵੱਲੋਂ ਉਨ੍ਹਾਂ ਦਾ ਕਲੇਮ ਰੱਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ 45 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦਾ ਬੀਮਾ ਕਰਨ ਤੋਂ ਪਹਿਲਾਂ ਮੈਡੀਕਲ ਨਹੀਂ ਕਰਵਾਉਂਦੀ। ਇਸ ਲਈ ਕੰਪਨੀ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਅਮਰੀਕ ਸਿੰਘ ਸ਼ਰਾਬ ਪੀਂਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਦੀ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਜੋ ਉਨ੍ਹਾਂ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਕੰਪਨੀ ਵੱਲੋਂ ਅਮਰੀਕ ਸਿੰਘ ਦੀ ਬੀਮਾ ਪਾਲਿਸੀ ਜਾਰੀ ਹੈ, ਸਿਰਫ ਕਲੇਮ ਰੱਦ ਕੀਤਾ ਗਿਆ ਹੈ।
