ਸਿਹਤ ਮੰਤਰੀ ਵਲੋਂ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼

Friday, Apr 01, 2022 - 12:05 AM (IST)

ਸਿਹਤ ਮੰਤਰੀ ਵਲੋਂ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼

ਚੰਡੀਗੜ੍ਹ (ਰਮਨਜੀਤ)-ਸੂਬੇ ਨੂੰ ਨਸ਼ਾਮੁਕਤ ਕਰਨ ਦੀ ਪਹਿਲ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਵਿਜੈ ਸਿੰਗਲਾ ਨੇ ਅੱਜ ਸਮੂਹ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਇਨ੍ਹਾਂ ਕੇਂਦਰਾਂ ਤੋਂ ਮਿਲਦੀਆਂ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਸਖ਼ਤੀ ਨਾਲ ਰੋਕ ਲਾਈ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਖਾਮੀਆਂ ਵਾਲੇ ਕੇਂਦਰਾਂ ਦਾ ਲਾਈਸੈਂਸ ਰੱਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰੂਸੀ ਵਿਦੇਸ਼ ਮੰਤਰਾਲਾ ਨੇ ਤਾਲਿਬਾਨ ਸਰਕਾਰ ਵੱਲੋਂ ਭੇਜੇ ਗਏ ਪਹਿਲੇ ਡਿਪਲੋਮੈਟ ਨੂੰ ਦਿੱਤੀ ਮਾਨਤਾ : ਲਾਵਰੋਵ

ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਪੁਰਾਣਾ ਸਮਾਂ ਨਿਕਲ ਚੁੱਕਾ ਹੈ ਜਦੋਂ ਨਸ਼ਾ ਬੰਦ ਕਰਨ ਦੇ ਸਿਰਫ਼ ਦਮਗਜੇ ਮਾਰੇ ਜਾਂਦੇ ਸਨ। ਹੁਣ ਜੋ ਕਿਹਾ ਜਾਵੇਗਾ, ਉਹ ਹਰ ਹੀਲੇ ਪੂਰਾ ਕੀਤਾ ਜਾਵੇਗਾ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਨੂੰ ਨਸ਼ਾਮੁਕਤ ਬਣਾਉਣ ਲਈ ਪੰਜਾਬ ਸਰਕਾਰ ਗੰਭੀਰ ਹੈ ਅਤੇ ਨਸ਼ੇ ਦੇ ਧੰਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸ਼ਾਮਲ ਵਿਅਕਤੀਆਂ ਨੂੰ ਭਾਰੀ ਨਤੀਜੇ ਭੁਗਤਣੇ ਪੈਣਗੇ।

ਇਹ ਵੀ ਪੜ੍ਹੋ :ਰਾਸ਼ਟਰ ਦੇ ਨਾਂ ਸੰਬੋਧਨ 'ਚ ਬੋਲੇ PM ਇਮਰਾਨ, ਨਹੀਂ ਦੇਵਾਂਗਾ ਅਸਤੀਫ਼ਾ

ਇਸ ਦੇ ਨਾਲ-ਨਾਲ ਸਿਹਤ ਮੰਤਰੀ ਨੇ ਸਮੂਹ ਕੈਮਿਸਟਾਂ ਨੂੰ ਪੂਰਣ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਲੈਣ ਵਾਲੇ ਵਿਅਕਤੀਆਂ ਨੂੰ ਸਿਰਫ਼ ਡਾਕਟਰ ਦੀ ਪਰਚੀ ਵੇਖਣ ਉਪਰੰਤ ਹੀ ਦਵਾਈਆਂ ਦੇਣ।ਖਾਣ ਵਾਲੀਆਂ ਵਸਤਾਂ ਵਿਚ ਮਿਲਾਵਟ ਦੇ ਰੁਝਾਨ ਨੂੰ ਸਖ਼ਤੀ ਨਾਲ ਲੈਂਦਿਆਂ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਉਡਣ ਦਸਤੇ ਐਕਟਿਵ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਮਿਲਾਵਟੀ ਵਸਤਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ।

ਇਹ ਵੀ ਪੜ੍ਹੋ : ਨੋਵਾਵੈਕਸ ਨੇ ਬਾਲਗਾਂ ਦੇ ਕੋਰੋਨਾ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇਣ ਦੀ ਕੀਤੀ ਮੰਗ

ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਨਾਲ ਬਣੀਆਂ ਵਸਤਾਂ ਜਿਵੇਂ ਘਿਓ, ਪਨੀਰ ਤੇ ਮਠਿਆਈਆਂ ਆਦਿ ਵਿਚ ਮਿਲਾਵਟ ਕਰਨ ਅਤੇ ਫਲਾਂ ਨੂੰ ਗ਼ੈਰ-ਕੁਦਰਤੀ ਤਰੀਕੇ ਨਾਲ ਪਕਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਨੈਸ਼ਨਲ ਹੈਲਥ ਮਿਸ਼ਨ ਦੇ ਐੱਮ. ਡੀ. ਅਤੇ ਕਮਿਸ਼ਨਰ ਫ਼ੂਡ ਤੇ ਡਰੱਗ ਐਡਮਨਿਸਟ੍ਰੇਸ਼ਨ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ.ਬੀ. ਸਿੰਘ, ਸੰਜੀਵ ਗਰਗ ਜੁਆਇੰਟ ਕਮਿਸ਼ਨਰ ਡਰੱਗਜ਼ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਭਾਰਤ ਦੌਰੇ 'ਤੇ ਪਹੁੰਚੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ, ਕੱਲ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News