ਸਿਹਤ ਮੰਤਰੀ ਦੀ ਸ਼ਵੇਤ ਮਲਿਕ ਨੂੰ ਸਲਾਹ, ‘ਸੌੜੀ ਸਿਆਸਤ ਛੱਡੋ, ਆਕਸੀਜਨ ਪਲਾਂਟ ਲਈ ਕੇਂਦਰ ’ਤੇ ਪਾਓ ਦਬਾਅ’
Thursday, May 13, 2021 - 12:16 PM (IST)
ਚੰਡੀਗੜ੍ਹ (ਅਸ਼ਵਨੀ) : ਸੂਬੇ ਵਿਚ ਆਕਸੀਜਨ ਪਲਾਂਟ ਲਗਾਉਣ ਵਿਚ ਬੇਲੋੜੀ ਦੇਰ ਸਬੰਧੀ ਸੰਸਦ ਮੈਂਬਰ ਸ਼ਵੇਤ ਮਲਿਕ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਦੋਸ਼ ਲਗਾਉਣ ਦੀ ਬਜਾਏ ਪੰਜਾਬ ਵਿਚ ਜਲਦੀ ਤੋਂ ਜਲਦੀ ਆਕਸੀਜਨ ਪਲਾਂਟ ਲਗਾਉਣ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣ ਲਈ ਕਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ ਕੇਸਾਂ ਅਤੇ ਇਸ ਦੀ ਮੌਤ ਦਰ ਵਿਚ ਤੇਜ਼ੀ ਨਾਲ ਵਾਧਾ ਹੋਣ ਨਾਲ ਮੈਡੀਕਲ ਐਮਰਜੈਂਸੀ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਆਕਸੀਜਨ ਕੋਟੇ ਨੂੰ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਭਾਰਤ ਸਰਕਾਰ ਵਲੋਂ ਸੂਬੇ ਦੀ ਜ਼ਰੂਰਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿਖੇ ਸਿਰਫ਼ 1 ਪਲਾਂਟ ਪੀ. ਐੱਸ. ਏ. (1000 ਐੱਲ. ਪੀ. ਐੱਮ.) ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਮਾਰਚ 2021 ਵਿਚ ਚਾਲੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਵਾਰ-ਵਾਰ ਯਾਦ ਕਰਾਉਣ ਅਤੇ ਬੇਨਤੀਆਂ ਦੇ ਬਾਵਜੂਦ, ਭਾਰਤ ਸਰਕਾਰ ਵਲੋਂ ਅਜੇ ਵੀ ਜੀ. ਐੱਮ. ਸੀ.ਐੱਚ. ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਦੋ ਪਲਾਂਟ ਸਥਾਪਿਤ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ 12 ਅਕਤੂਬਰ, 2020 ਨੂੰ ਭਾਰਤ ਸਰਕਾਰ ਵਲੋਂ ਕਹੇ ਅਨੁਸਾਰ 3 ਮੈਡੀਕਲ ਕਾਲਜਾਂ (ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ) ਵਿਚ ਪੀ. ਐੱਸ. ਏ. ਪਲਾਂਟ ਸਥਾਪਿਤ ਕਰਨ ਦੀ ਮੰਗ ਨਿਰਧਾਰਤ ਫਾਰਮੈਟ ’ਤੇ ਭੇਜੀ ਗਈ, ਜਿਸ ਅਧੀਨ ਪਹਿਲੇ ਪੜਾਅ ਦੌਰਾਨ ਪਲਾਂਟ 15 ਅਕਤੂਬਰ, 2020 ਤੱਕ ਭਾਰਤ ਸਰਕਾਰ ਵਲੋਂ ਸੈਂਟਰਲ ਮੈਡੀਕਲ ਸਰਵਿਸਿਜ਼ ਸੁਸਾਇਟੀ ਰਾਹੀਂ ਸਥਾਪਿਤ ਕੀਤੇ ਜਾਣੇ ਸਨ।
ਇਹ ਵੀ ਪੜ੍ਹੋ : ਚੋਣ ਵਾਅਦਿਆਂ ਤੋਂ ਧਿਆਨ ਭਟਕਾਉਣ ਲਈ ਦੂਸ਼ਣਬਾਜ਼ੀ ਦਾ ਨਾਟਕ ਖੇਡ ਰਹੇ ਕਾਂਗਰਸੀ : ਚੀਮਾ
ਉਨ੍ਹਾਂ ਕਿਹਾ ਕਿ 2 ਨਵੰਬਰ, 2020 ਨੂੰ ਕੇਂਦਰ ਸਰਕਾਰ ਨੇ ਦੇਸ਼ ਵਿਚ ਲਗਾਏ ਜਾਣ ਵਾਲੇ 162 ਪੀ.ਐੱਸ.ਏ. ਪਲਾਂਟਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿਚ ਪੰਜਾਬ ਵਿਚ ਸਥਾਪਿਤ ਕੀਤੇ ਜਾਣ ਵਾਲੇ ਇਹ 3 ਪਲਾਂਟ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 31 ਦਸੰਬਰ, 2020 ਨੂੰ ਸਾਈਟ ਤਿਆਰ ਕਰਨ ਦੇ ਸਰਟੀਫਿਕੇਟ ਜਿਵੇਂ ਕਿ ਸ਼ੈੱਡ, ਪਲੇਟਫਾਰਮ ਅਤੇ ਜੈਨਸੈੱਟ ਆਦਿ ਭਾਰਤ ਸਰਕਾਰ ਨੂੰ ਭੇਜ ਕੇ ਸਾਰੇ ਲੋੜੀਂਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ। ਇਹ ਮੰਦਭਾਗਾ ਹੈ ਕਿ ਪੰਜਾਬ ਵਿਚ ਸਿਰਫ਼ ਫਰੀਦਕੋਟ ਵਿਖੇ ਹੁਣ ਤੱਕ ਸਿਰਫ਼ ਇਕ ਪਲਾਂਟ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਪਲਾਂਟ ਸਥਾਪਿਤ ਕਰਨ ਸਬੰਧੀ ਭਾਰਤ ਸਰਕਾਰ ਨੇ ਠੇਕੇਦਾਰ (ਉਤਮ ਏਅਰ) ਨੂੰ ਕੰਮ ਦਿੱਤਾ ਸੀ ਪਰ ਉਸ ਨੇ ਇਹ ਕੰਮ ਸ਼ੁਰੂ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਇਹ ਠੇਕਾ 17 ਅਪ੍ਰੈਲ, 2021 ਨੂੰ ਇਕ ਨਵੇਂ ਵਿਕਰੇਤਾ ਏਅਰ ਆਕਸ ਨੂੰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਰੇ 50 ਬੈੱਡਾਂ ਵਾਲੇ ਸਰਕਾਰੀ ਹਸਪਤਾਲਾਂ ਨੂੰ ਪੀ. ਐੱਸ. ਏ. ਪਲਾਂਟ ਨਾਲ ਜੋੜਨ ਸਬੰਧੀ ਕਾਰਜ ਜੰਗੀ ਪੱਧਰ ’ਤੇ ਹੈ।
ਇਹ ਵੀ ਪੜ੍ਹੋ : CBSE 10ਵੀਂ ਦਾ ਨਤੀਜਾ ਜਾਰੀ ਕਰਨ ਨੂੰ ਲੈ ਕੇ ਸਕੂਲਾਂ ਨੂੰ ਨਿਰਦੇਸ਼ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?