ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ
Wednesday, Dec 06, 2017 - 11:27 AM (IST)
ਤਰਨਤਾਰਨ (ਰਮਨ) - ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ, ਡੇਅਰੀਆਂ ਅਤੇ ਢਾਬਿਆਂ ਤੋਂ ਕਰੀਬ ਇਕ ਦਰਜਨ ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਸੀਲ ਕਰ ਕੇ ਲੈਬਾਰਟਰੀ ਵਿਚ ਭੇਜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਡਾ. ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਵਰੁਣ ਰੂਜਮ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਨਿਰਦੇਸ਼ਾਂ 'ਤੇ ਸ਼ਹਿਰ ਦੀ ਇਕ ਡੇਅਰੀ ਤੋਂ ਪਨੀਰ, ਰੇਲਵੇ ਰੋਡ 'ਤੇ ਸਥਿਤ ਇਕ ਮਸ਼ਹੂਰ ਕਰਿਆਨੇ ਦੀ ਦੁਕਾਨ ਤੋਂ ਗੁੜ ਅਤੇ ਇਮਲੀ, ਗਿੱਲ ਪੈਲੇਸ ਨੇੜੇ ਮੌਜੂਦ ਇਕ ਨਮਕੀਨ ਬਣਾਉਣ ਦੀ ਫੈਕਟਰੀ 'ਚੋਂ ਭੁਜੀਆ, ਮੱਠੀਆਂ ਅਤੇ ਮੈਦੇ ਦਾ ਸੈਂਪਲ ਸੀਲ
ਕੀਤਾ ਹੈ। ਇਸ ਤੋਂ ਇਲਾਵਾ ਡਾਕਖਾਨੇ ਦੇ ਸਾਹਮਣੇ ਮੌਜੂਦ ਢਾਬਿਆਂ 'ਤੇ ਸਾਫ-ਸਫਾਈ ਦੀ ਘਾਟ ਨਜ਼ਰ ਆਉਣ 'ਤੇ ਮਾਲਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਅਤੇ ਇਸ ਢਾਬੇ ਤੋਂ ਚਟਨੀ ਅਤੇ ਪਨੀਰ ਦੇ ਸੈਂਪਲ ਮੌਕੇ 'ਤੇ ਸੀਲ ਕਰ ਕੇ ਲੈਬਾਰਟਰੀ ਵਿਚ ਭੇਜ ਦਿੱਤੇ ਗਏ ਹਨ।
ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੀਆਂ ਰਿਪੋਰਟਾਂ ਆਉਣ 'ਤੇ ਉਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
