ਸਿਹਤ ਮਹਿਕਮਾ ਸਵਾਲਾਂ ਦੇ ਘੇਰੇ ’ਚ, ਨਿੱਜੀ ਸਕੂਲ ਦੇ ਮੁਲਾਜ਼ਮ ਸਰਕਾਰੀ ਟੈਸਟਿੰਗ ’ਚ ਨਿਕਲੇ ਕੋਰੋਨਾ ਪਾਜ਼ੇਟਿਵ
Tuesday, Apr 06, 2021 - 04:39 PM (IST)
ਲੁਧਿਆਣਾ (ਵਿੱਕੀ) : ਕੋਵਿਡ-19 ਦੇ ਸਬੰਧ ਵਿਚ ਸਿਹਤ ਮਹਿਕਮੇ ਵੱਲੋਂ ਕੀਤੀ ਜਾ ਰਹੀ ਟੈਸਟਿੰਗ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਹੈ। ਇਸ ਸਬੰਧੀ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਰਿਆਤ ਨੇ ਦੱਸਿਆ ਕਿ 23 ਮਾਰਚ ਨੂੰ ਸਰਾਭਾ ਨਗਰ ਡਿਸਪੈਂਸਰੀ ਦੇ ਸਟਾਫ ਡਾ. ਨਵਕਿਰਨ ਕੌਰ ਸਟਾਫ਼ ਨਰਜ ਦਲਜੀਤ ਕੌਰ ਦੀ ਅਗਵਾਈ ਵਿਚ ਸਕੂਲ ਦੇ ਅਧਿਆਪਕਾਂ ਅਤੇ ਚੌਥਾ ਦਰਜਾ ਦੇ ਮੁਲਾਜ਼ਮਾਂ ਦੇ ਕੋਵਿਡ-19 ਦੇ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ 27 ਮਾਰਚ ਨੂੰ ਆਈ. ਸੀ. ਜਿਸ ਵਿਚ 7 ਅਧਿਆਪਕ ਅਤੇ 7 ਚੌਥਾ ਦਰਜਾ ਸ਼੍ਰੇਣੀ ਦੇ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ। 14 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਇਨ੍ਹਾਂ ਸਾਰੇ ਮੁਲਾਜ਼ਮਾਂ ਵਿਚ ਕਿਸੇ ਵੀ ਤਰ੍ਹਾਂ ਦੇ ਕੋਰੋਨਾ ਵਾਇਰਸ ਹੋਣ ਦੇ ਲੱਛਣ ਨਹੀਂ ਸਨ। ਇਸ ਉਪਰੰਤ ਆਪਣਾ ਸ਼ੱਕ ਦੂਰ ਕਰਨ ਲਈ ਉਨ੍ਹਾਂ ਨੇ ਇਕ ਪ੍ਰਾਈਵੇਟ ਲੈਬ ਤੋਂ ਕੋਵਿਡ-19 ਦੀ ਜਾਂਚ ਕਰਵਾਈ, ਜਿਸ ਵਿਚ ਸਾਰੇ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਲਏ ਗਏ ਸੈਂਪਲਾਂ ਦੀ ਜਾਂਚ ਕਰਨ ’ਚ ਕੋਈ ਕਮੀ ਰਹਿ ਗਈ ਹੈ, ਜਿਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਵਿਚ ਡਰ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਪੱਤਰ ਨੂੰ ਚੰਦੂਮਾਜਰਾ ਨੇ ਦੱਸਿਆ ਡਰਾਮਾ, ਕਿਹਾ ਕਾਂਗਰਸ ਦੇ ਰਾਜ ’ਚ ਲੁੱਟਿਆ ਪੰਜਾਬ
ਦੱਸਣਯੋਗ ਹੈ ਕਿ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਪੰਜਾਬ ਵਿਚ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਤਾਂ ਦਿਨੋ-ਦਿਨ ਵਧ ਹੀ ਰਿਹਾ ਹੈ, ਨਾਲ ਹੀ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀਆਂ ਮੌਤਾਂ ਵੀ ਸਾਰੇ ਰਿਕਾਰਡ ਤੋੜਦੀਆਂ ਨਜ਼ਰ ਆ ਰਹੀਆਂ ਹਨ। ਸੂਬੇ ਵਿਚ 9 ਮਾਰਚ 2020 ਨੂੰ ਪਹਿਲੇ ਕੋਰੋਨਾ ਪੀੜਤ ਮਰੀਜ਼ ਦੀ ਪੁਸ਼ਟੀ ਤੋਂ ਬਾਅਦ 24 ਜੁਲਾਈ ਤਕ ਭਾਵ 137 ਦਿਨਾਂ ਵਿਚ ਕੁਲ 285 ਲੋਕਾਂ ਦੀ ਮੌਤ ਹੋ ਗਈ ਸੀ ਪਰ ਅਪ੍ਰੈਲ 2021 ਦੇ ਸਿਰਫ 5 ਦਿਨਾਂ ਵਿਚ ਹੀ 285 ਲੋਕ ਕੋਰੋਨਾ ਖ਼ਿਲਾਫ਼ ਜੰਗ ਹਾਰ ਗਏ ਹਨ। ਸੋਮਵਾਰ ਨੂੰ ਵੀ ਸੂਬੇ ਵਿਚ 65 ਕੋੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ 5 ਦਿਨਾਂ ਵਿਚ 11473 ਨਵੇਂ ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਦੂਜੇ ਪਾਸੇ 25000 ਤੋਂ ਵੱਧ ਲੋਕ ਮੌਜੂਦਾ ਸਮੇੇਂ ਕੋਰੋਨਾ ਪੀੜਤ ਹਨ, ਜਿਨ੍ਹਾਂ ਦਾ ਇਲਾਜ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ ਅਤੇ ਹਜ਼ਾਰਾਂ ਲੋਕ ਘਰਾਂ ਵਿਚ ਆਈਸੋਲੇਟ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਬਰਨਾਲਾ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਜਾਰੀ ਕੀਤਾ ਸਖ਼ਤ ਫਰਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?