ਪੰਜਾਬ ਵਿਚ ਖਾਣ-ਪੀਣ ਵਾਲੀ ਚੀਜ਼ ਦਾ ਹਰ ਤੀਜਾ ਸੈਂਪਲ ਫੇਲ੍ਹ
Friday, Jul 19, 2019 - 06:47 PM (IST)

ਜਲੰਧਰ : ਜਿਸ ਖਾਣ ਪੀਣ ਵਾਲੀ ਚੀਜ਼ ਨੂੰ ਤੁਸੀਂ ਸਿਹਤਮੰਦ ਸਮਝ ਕੇ ਖਾ ਰਹੇ ਹੋ, ਉਹ ਤੁਹਾਡੇ ਲਈ ਨੁਕਸਾਨ-ਦਾਇਕ ਸਾਬਤ ਹੋ ਸਕਦੀ ਹੈ। ਪੰਜਾਬ ਵਿਚ ਸਿਹਤ ਵਿਭਾਗ ਵਲੋਂ ਖਾਣ-ਪੀਣ ਵਾਲੀ ਵਸਤਾਂ ਦਾ ਲਿਆ ਗਿਆ ਹਰ ਤੀਜਾ ਸੈਂਪਲ ਫੇਲ੍ਹ ਹੋ ਰਿਹਾ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜੇ ਆਖ ਰਹੇ ਹਨ। ਅੰਕੜਿਆ ਮੁਤਾਬਕ ਸਿਹਤ ਵਿਭਾਗ ਵਲੋਂ ਸਾਲ 2018-19 ਦੌਰਾਨ ਸੂਬੇ 'ਚ ਕੁੱਲ 11920 ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ ਲਗਭਗ 3403 ਨੂਮਨੇ ਜਾਂ ਤਾਂ ਮਿਲਾਵਟੀ ਪਾਏ ਗਏ ਜਾਂ ਫਿਰ ਇਹ ਖਾਣ ਯੋਗ ਹੀ ਨਹੀਂ ਸਨ।
ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਪਾਏ ਜਾਣ 'ਤੇ ਸਿਹਤ ਵਿਭਾਗ ਦੀ ਸਿਫਾਰਸ਼ 'ਤੇ ਕੁੱਲ 46 ਲੋਕਾਂ 'ਤੇ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਗਿਆ ਜਦਕਿ 1861 ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ। ਇਥੇ ਹੀ ਬਸ ਨਹੀਂ 3 ਮਿਲਾਵਟ ਖੋਰਾਂ ਨੂੰ ਸਜ਼ਾ ਵੀ ਹੋਈ ਹੈ ਜਦਕਿ ਵਿਭਾਗ ਵਲੋਂ ਮਿਲਾਵਟ ਖੋਰਾਂ ਨੂੰ ਲਗਭਗ 1 ਕਰੋੜ 47 ਲੱਖ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਜਾ ਚੁੱਕਾ ਹੈ।