ਸਿਹਤ ਵਿਭਾਗ ਡੇਂਗੂ ਤੋਂ ਬਾਅਦ ਸਵਾਈਨ ਫਲੂ ਨਾਲ ਨਜਿੱਠਣ ਲਈ ਤਿਆਰ

Thursday, Nov 23, 2017 - 05:48 AM (IST)

ਸਿਹਤ ਵਿਭਾਗ ਡੇਂਗੂ ਤੋਂ ਬਾਅਦ ਸਵਾਈਨ ਫਲੂ ਨਾਲ ਨਜਿੱਠਣ ਲਈ ਤਿਆਰ

ਅੰਮ੍ਰਿਤਸਰ,   (ਦਲਜੀਤ)-  ਸਿਹਤ ਵਿਭਾਗ ਡੇਂਗੂ ਤੋਂ ਬਾਅਦ ਹੁਣ ਸਵਾਈਨ ਫਲੂ ਨਾਲ ਨਜਿੱਠਣ ਲਈ ਤਿਆਰ ਹੋ ਗਿਆ ਹੈ। ਵਿਭਾਗ ਨੇ ਇਸ ਸਬੰਧ 'ਚ ਵਿਸ਼ੇਸ਼ ਟੀਮਾਂ ਦਾ ਗਠਨ ਕਰਦਿਆਂ ਸਰਕਾਰੀ ਹਸਪਤਾਲਾਂ 'ਚ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਹਨ। ਸਿਵਲ ਸਰਜਨ ਡਾ. ਨਰਿੰਦਰ ਕੌਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਕਰਾਂ ਨੂੰ ਹੁਕਮ ਦਿੱਤੇ ਗਏ ਹਨ। 
ਅੱਜ ਸਿਵਲ ਸਰਜਨ ਡਾ. ਨਰਿੰਦਰ ਕੌਰ ਦੀ ਪ੍ਰਧਾਨਗੀ ਹੇਠਾਂ ਆਈ. ਡੀ. ਐੱਸ. ਪੀ. ਦੇ ਅਧੀਨ ਇਕ ਰੋਜ਼ਾ ਵਰਕਸ਼ਾਪ-ਕਮ-ਟਰੇਨਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੇਲ ਵਰਕਰਾਂ ਨੇ ਸ਼ਮੂਲੀਅਤ ਕੀਤੀ । ਇਸ ਅਵਸਰ 'ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਮੇਂ- ਸਮੇਂ 'ਤੇ ਸਵਾਈਨ ਫਲੂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਲਈ ਆਮ ਲੋਕਾਂ ਨੂੰ ਇਸ ਦੇ ਲੱਛਣਾਂ, ਜਿਵੇਂ ਕਿ ਖਾਂਸੀ, ਜ਼ੁਕਾਮ, ਥਕਾਵਟ ਜਾਂ ਕਿਸੇ ਦੇ ਰੁਮਾਲ ਆਦਿ ਦੀ ਵਰਤੋਂ ਨਾਲ ਇਹ ਹੁੰਦਾ ਹੈ, ਬਾਰੇ ਦੱਸਿਆ ਗਿਆ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲਾ ਹਸਪਤਾਲ ਤੇ ਬਲਾਕਾਂ ਵਿਖੇ ਆਈਸੋਲੇਸ਼ਨ ਵਾਰਡ ਸਥਾਪਤ ਕੀਤੇ ਗਏ ਹਨ ਤਾਂ ਕਿ ਸਵਾਈਨ ਫਲੂ ਤੇ ਡੇਂਗੂ ਦਾ ਇਲਾਜ ਵੱਖਰੇ ਤੌਰ 'ਤੇ ਕੀਤਾ ਜਾ ਸਕੇ। ਜ਼ਿਲਾ ਐਪੀਡੀਮਾਇਲੋਜਿਸਟ ਡਾ. ਮਦਨ ਨੇ ਕਿਹਾ ਕਿ ਸਵਾਈਨ ਫਲੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਤਿਆਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਸੰਪਰਕ ਵਿਚ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਉਹ ਤੁਰੰਤ ਸਰਕਾਰੀ ਸੰਸਥਾ ਵਿਚ ਰਿਪੋਰਟ ਕਰਨ ਤਾਂ ਕਿ ਸਮੇਂ ਸਿਰ ਮਰੀਜ਼ ਦੇ ਟੈਸਟ ਕਰਨ ਤੇ ਉਸ ਦੀ ਸਥਿਤੀ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕੇ। 
ਇਸ ਬਾਰੇ ਪੰਜਾਬ ਸਰਕਾਰ ਵੱਲੋਂ ਸਾਰੇ ਮਰੀਜ਼ਾਂ ਦੇ ਫ੍ਰੀ ਟੈਸਟ ਕੀਤੇ ਜਾਂਦੇ ਹਨ ਅਤੇ ਇਲਾਜ ਵੀ ਫ੍ਰੀ ਕੀਤਾ ਜਾਂਦਾ ਹੈ। ਇਸ ਮੌਕੇ ਬਖਸ਼ੀਸ਼ ਸਿੰਘ, ਰਾਮ ਮਹਿਤਾ, ਰਮੇਸ਼ ਕੁਮਾਰ, ਡਾ. ਪ੍ਰਿਤਪਾਲ  ਅਤੇ ਹੋਰ ਸਟਾਫ ਮੌਜੂਦ ਸੀ।


Related News