ਸਿਹਤ ਵਿਭਾਗ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ ‘ਸਰਕਾਰੀ ਡਾਕਟਰ’

Thursday, Aug 30, 2018 - 04:16 AM (IST)

ਸਿਹਤ ਵਿਭਾਗ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ ‘ਸਰਕਾਰੀ ਡਾਕਟਰ’

 ਅੰਮ੍ਰਿਤਸਰ,  (ਦਲਜੀਤ)-  ਸਿਹਤ ਵਿਭਾਗ ਦੇ ਹੁਕਮਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਡਾਕਟਰ ਟਿੱਚ ਜਾਣਦੇ ਹਨ। ਵਿਭਾਗ ਵਲੋਂ ਪੰਜਾਬ ਵਿਚ ਵਧੀਆ ਸਿਹਤ ਸਹੂਲਤਾਂ ਦੇਣ ਲਈ ਪ੍ਰਸਿੱਧ ਜ਼ਿਲਾ ਪੱਧਰੀ ਸਰਕਾਰੀ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀ ਸੁਵਿਧਾ ਲਈ ਭੇਜੇ ਗਏ 16 ਵਿਚੋਂ 6 ਡਾਕਟਰਾਂ ਨੇ ਕਈ ਹਫਤੇ ਬੀਤਣ ਮਗਰੋਂ ਵੀ ਡਿਊਟੀ ਜੁਆਇਨ ਨਹੀਂ ਕੀਤੀ । ਡਾਕਟਰਾਂ ਦੀ ਇਸ ਮਨਮਰਜ਼ੀ  ਕਾਰਨ ਜਿਥੇ ਹਸਪਤਾਲ ਵਿਚ ਵੱਡੇ ਪੱਧਰ ’ਤੇ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਉਥੇ ਹੀ ਇਕ ਵਾਰ ਫਿਰ ਤੋਂ ਡਾਕਟਰਾਂ ਦੀ ਘਾਟ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖਿਆ ਹੈ। 
ਜਾਣਕਾਰੀ ਅਨੁਸਾਰ  ਦੋ ਹਫਤੇ ਪਹਿਲਾਂ ਸਿਹਤ ਵਿਭਾਗ ਵਲੋਂ ਹਸਪਤਾਲ ਵਿਚ 16 ਡਾਕਟਰਾਂ ਦੀ ਫੌਜ ਭੇਜੀ ਗਈ ਸੀ ਪਰ ਇਨ੍ਹਾ ਵਿਚੋਂ ਮੈਡੀਸਨ ਵਿਭਾਗ ਦੇ ਇਕ ਡਾਕਟਰ ਨੇ ਜਿਥੇ ਅਜੇ ਤੱਕ ਜੁਆਇਨ ਨਹੀਂ ਕੀਤਾ, ਉਥੇ ਹੀ ਦੂਸਰਾ ਡਾਕਟਰ ਇਥੋਂ ਆਪਣੀ ਬਦਲੀ ਕਿਤੇ ਹੋਰ ਕਰਵਾ ਗਿਆ ਹੈ। 
ਇਸੇ ਤਰ੍ਹਾਂ ਆਰਥੋ ਵਿਭਾਗ ਵਿਚ ਇਕ ਡਾਕਟਰ ਨੇ ਜੁਆਇਨ ਨਹੀਂ ਕੀਤਾ ਅਤੇ ਦੂਸਰਾ ਡਾਕਟਰ ਆਪਣੀ ਬਦਲੀ ਕਰਵਾ ਗਿਆ ਹੈ। ਗਾਇਨੀ ਵਿਭਾਗ ਦਾ ਵੀ ਅਜਿਹਾ ਹੀ ਹਾਲ ਹੈ। ਸਕਿੱਨ ਵਿਭਾਗ ਵਿਚ ਕੋਈ ਵੀ ਡਾਕਟਰ ਨਹੀਂ ਹੈ। ਉਕਤ ਹਸਪਤਾਲ ਵਿਚ ਰੋਜ਼ਾਨਾ ਹੀ 2 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੀ ਓ.ਪੀ.ਡੀ. ਅਤੇ ਐਮਰਜੈਂਸੀ ਹੁੰਦੀ ਹੈ। ਮਰੀਜ਼ਾਂ ਨੂੰ ਡਾਕਟਰ ਨਾ ਮਿਲਣ ਕਾਰਨ ਉਨ੍ਹਾਂ ਦਾ ਦਰਦ ਹੋਰ ਵਧਦਾ ਜਾ ਰਿਹਾ ਹੈ। ਕਈ ਮਰੀਜ਼ ਤਾਂ ਡਾਕਟਰਾਂ ਦੀ ਘਾਟ ਕਾਰਨ ਪ੍ਰਾਈਵੇਟ ਹਸਪਤਾਲਾਂ ਵਿਚ ਜਾਣ ਨੂੰ ਮਜਬੂਰ ਹਨ। ਸਰਕਾਰ ਦੀ ਢਿੱਲਮੱਠ ਕਾਰਨ ਉਕਤ ਹਸਪਤਾਲ ਨੂੰ ਹੁਣ ਕਿਸੇ ਵੀ ਸਮੇਂ ਤਾਲੇ ਲੱਗ ਸਕਦੇ ਹਨ। 
 


Related News