ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿਹਤ ਮਹਿਕਮੇ 'ਚ ਮੱਚੀ ਹਲਚਲ
Tuesday, Oct 06, 2020 - 04:53 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : 'ਜਗ ਬਾਣੀ' 'ਚ ਲੱਗੀ ਖ਼ਬਰ ਲੱਗਣ ਤੋਂ ਬਾਅਦ ਸਿਹਤ ਮਹਿਕਮੇ 'ਚ ਹਲਚਲ ਮੱਚੀ ਗਈ। ਸਿਹਤ ਮਹਿਕਮੇ ਦੇ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸੰਗਰੂਰ ਵਿਖੇ ਵੀ ਸਿਵਲ ਹਸਪਤਾਲ 'ਚ ਵੀ ਵੈਂਟੀਲੇਟਰ ਆਏ ਸਨ ਪਰ ਸੰਗਰੂਰ ਹਸਪਤਾਲ ਪ੍ਰਸ਼ਾਸਨ ਨੇ ਵੈਂਟੀਲੇਟਰ ਇਹ ਕਹਿ ਕੇ ਪਟਿਆਲਾ ਭੇਜ ਦਿੱਤੇ ਸਨ ਕਿ ਸਾਡੇ ਕੋਲ ਵੈਂਟੀਲੇਟਰ ਚਲਾਉਣ ਲਈ ਇਨਫਰਾਸਟਰਕਚਰ ਨਹੀਂ ਹੈ। ਇਸ ਲਈ ਇਹ ਵੈਂਟੀਲੇਟਰ ਅਸੀਂ ਪਟਿਆਲਾ ਭੇਜ ਰਹੇ ਹਾਂ ਤਾਂ ਕਿ ਕਿਸੇ ਦੇ ਕੰਮ ਆ ਜਾਣ। ਜਦੋਂਕਿ ਬਰਨਾਲਾ 'ਚ ਇਹ ਵੈਂਟੀਲੇਟਰ ਕਈ ਮਹੀਨਿਆਂ ਤੋਂ ਕਮਰੇ 'ਚ ਹੀ ਬੰਦ ਪਏ ਹਨ। ਇਨ੍ਹਾਂ ਦੀ ਕੋਈ ਵਰਤੋਂ ਨਹੀਂ ਹੋ ਰਹੀ। ਸੰਗਰੂਰ ਵਿਖੇ ਵੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੈਂਟੀਲੇਟਰ ਭੇਟ ਕੀਤਾ ਸੀ। ਜ਼ਿਕਰਯੋਗ ਹੈ ਕਿ ਬਰਨਾਲਾ ਵਿਖੇ ਵੀ ਤਿੰਨ ਵੈਂਟੀਲੇਟਰ ਆਏ ਹੋਏ ਹਨ। ਜਿਨ੍ਹਾਂ 'ਚੋਂ ਦੋ ਪੰਜਾਬ ਕਾਂਗਰਸ ਦੇ ਆਗੂ ਕੇਵਲ ਸਿੰਘ ਢਿੱਲੋਂ ਅਤੇ ਇਕ ਵੈਂਟੀਲੇਟਰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਕਾਨੂੰਨਾਂ ਖਿਲਾਫ ਟ੍ਰੈਕਟਰ ਰੈਲੀਆਂ ਨੇ ਅਕਾਲੀ ਦਲ ਦੀ ਪੋਲ ਖੋਲ੍ਹੀ
ਪੰਜਾਬ 'ਚ ਵੈਂਟੀਲੇਟਰਾਂ ਦੀ ਘਾਟ ਕਾਰਣ ਲੋਕ ਹੱਥ ਧੋ ਰਹੇ ਹਨ ਆਪਣੀ ਜ਼ਿੰਦਗੀ ਤੋਂ
ਵਿਜੈ ਗਰਗ ਨੇ ਕਿਹਾ ਕਿ ਪੰਜਾਬ 'ਚ ਵੈਂਟੀਲੇਟਰਾਂ ਦੀ ਘਾਟ ਕਾਰਣ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਜਦੋਂਕਿ ਬਰਨਾਲਾ ਦੇ ਸਿਵਲ ਹਸਪਤਾਲ 'ਚ ਇਹ ਵੈਂਟੀਲੇਟਰ ਕਮਰੇ 'ਚ ਬੇਕਾਰ ਪਏ ਹਨ। ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਜਾਂ ਤਾਂ ਇਹ ਵੈਂਟੀਲੇਟਰ ਸੰਗਰੂਰ ਹਸਪਤਾਲ ਦੀ ਤਰ੍ਹਾਂ ਕਿਤੇ ਹੋਰ ਭੇਜ ਦਿੰਦਾ ਤਾਂ ਕਿ ਇਨ੍ਹਾਂ ਤੋਂ ਕੰਮ ਲਿਆ ਜਾ ਸਕਦਾ ਅਤੇ ਕਿਸੇ ਵਿਅਕਤੀ ਦੀ ਕੀਮਤੀ ਜਾਨ ਬਚ ਸਕਦੀ ਜਾਂ ਇਨ੍ਹਾਂ ਨੂੰ ਚਾਲੂ ਕਰਦਾ ਤਾਂ ਕਿ ਬਰਨਾਲਾ ਦੇ ਲੋਕ ਇਸਦਾ ਲਾਭ ਉਠਾ ਸਕਦੇ।
ਕੋਰੋਨਾ ਕਾਲ 'ਚ ਵਿਦੇਸ਼ਾਂ 'ਚ ਵੀ ਹੈ ਵੈਂਟੀਲੇਟਰਾਂ ਦੀ ਘਾਟ
ਬੇਅੰਤ ਬਾਠ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਵਿਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਚੱਲ ਰਹੀ ਹੈ। ਜਿਸ ਕਾਰਣ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਵੈਂਟੀਲੇਟਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਕ ਪਾਸੇ ਤਾਂ ਪੂਰੀ ਦੁਨੀਆ 'ਚ ਵੈਂਟੀਲੇਟਰਾਂ ਦੀ ਕਮੀ ਹੈ। ਦੂਜੇ ਪਾਸੇ ਬਰਨਾਲਾ ਦੇ ਸਿਵਲ ਹਸਪਤਾਲ 'ਚ ਕਈ ਮਹੀਨਿਆਂ ਤੋਂ ਵੈਂਟੀਲੇਟਰ ਕਮਰੇ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਸਿਹਤ ਮਹਿਕਮੇ ਨੂੰ ਕਮਰੇ ਦਾ ਸ਼ਿੰਗਾਰ ਬਣੇ ਇਨ੍ਹਾਂ ਵੈਂਟੀਲੇਟਰਾਂ ਨੂੰ ਫੌਰੀ ਤੌਰ 'ਤੇ ਚਾਲੂ ਕਰਨਾ ਚਾਹੀਦਾ ਹੈ ਤਾਂ ਕਿ ਜੋ ਜਾਨਾਂ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਕਾਰਣ ਜਾ ਰਹੀਆਂ ਹਨ ਉਨ੍ਹਾਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਰਾਹੁਲ ਦੀ ਸੰਗਰੂਰ ਫੇਰੀ ਕਰ ਗਈ ਸਿੰਗਲਾ ਦਾ ਸਿਆਸੀ ਕੱਦ ਹੋਰ ਉੱਚਾ
ਵੈਂਟੀਲੇਟਰ ਚਾਲੂ ਨਾ ਕਰਵਾਉਣਾ ਸਿਹਤ ਮਹਿਕਮੇ ਲਈ ਸ਼ਰਮ ਦੀ ਗੱਲ
ਵਿਨੋਦ ਦੁਆ ਨੇ ਕਿਹਾ ਕਿ ਇਸ ਕੋਰੋਨਾ ਕਾਲ 'ਚ ਵੀ ਵੈਂਟੀਲੇਟਰ ਚਾਲੂ ਨਾ ਕਰਨਾ ਸਿਹਤ ਮਹਿਕਮੇ ਲਈ ਬੜੀ ਹੀ ਸ਼ਰਮ ਦੀ ਗੱਲ ਹੈ। ਕਈ ਮਹੀਨਿਆਂ ਤੋਂ ਸਿਹਤ ਮਹਿਕਮਾ ਲਾਰੇ ਲਾ ਰਿਹਾ ਹੈ ਕਿ ਜਲਦੀ ਹੀ ਇਨ੍ਹਾਂ ਵੈਂਟੀਲੇਟਰਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ ਪਰ ਇਨ੍ਹਾਂ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ। ਜਦੋਂਕਿ ਸਰਕਾਰ ਨੇ ਇਸ ਲਈ ਵੈਂਟੀਲੇਟਰ ਭੇਜੇ ਸਨ ਕਿ ਕੋਰੋਨਾ ਕਾਲ 'ਚ ਕਿਸੇ ਮਰੀਜ਼ ਨੂੰ ਵੈਂਟੀਲੇਟਰ ਦੀ ਘਾਟ ਮਹਿਸੂਸ ਨਾ ਹੋਵੇ ਪਰ ਬਰਨਾਲਾ ਦੇ ਕਈ ਮਰੀਜ਼ ਵੈਂਟੀਲੇਟਰਾਂ ਦੀ ਘਾਟ ਕਾਰਣ ਬਾਹਰ ਰੈਫਰ ਕਰਨੇ ਪਏ ਅਤੇ ਕਈ ਮਰੀਜ਼ ਤਾਂ ਆਪਣੀ ਜ਼ਿੰਦਗੀ ਤੋਂ ਹੱਥ ਵੀ ਧੋ ਬੈਠੇ ਹਨ। ਇਸ ਲਈ ਸਿਹਤ ਮਹਿਕਮੇ ਨੂੰ ਫੌਰੀ ਤੌਰ 'ਤੇ ਐਕਸ਼ਨ ਲੈ ਕੇ ਇਨ੍ਹਾਂ ਵੈਂਟੀਲੇਟਰਾਂ ਨੂੰ ਚਾਲੂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਰੈਲੀ 'ਚ ਸੋਫਿਆਂ ਵਾਲਾ ਟਰੈਕਟਰ ਬਣਿਆ ਚਰਚਾ ਦਾ ਵਿਸ਼ਾ