ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਹੜਤਾਲੀ ਨਰਸਾਂ ਨੇ ਬੇਰੰਗ ਮੋੜਿਆ

Sunday, Feb 10, 2019 - 10:57 AM (IST)

ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਹੜਤਾਲੀ ਨਰਸਾਂ ਨੇ ਬੇਰੰਗ ਮੋੜਿਆ

ਪਟਿਆਲਾ (ਜੋਸਨ)—ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਪੂਰੀ ਤਰ੍ਹਾਂ ਸਿਖਰਾਂ 'ਤੇ ਰਿਹਾ, ਸੰਘਰਸ਼ ਨੂੰ ਵਿਰਾਮ ਦੇਣ ਲਈ ਸਿਹਤ ਵਿਭਾਗ ਦੇ ਡਾਇਰੈਕਟਰ ਪਟਿਆਲਾ ਪੁੱਜੇ ਪਰ ਨਰਸਾਂ ਨੇ ਵਿਭਾਗ ਦੇ ਡਾਇਰੈਕਟਰ ਨੂੰ ਬੇਰੰਗ ਮੋੜ ਦਿੱਤਾ ਤੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਪੱਕਾ ਨਹੀ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਧਰ ਹਸਪਤਾਲ ਦੀ ਛੱਤ 'ਤੇ ਚੜ੍ਹੀ ਕਰਮਜੀਤ ਕੌਰ ਔਲਖ ਦਾ ਮਰਨ ਵਰਤ ਅੱਜ ਵੀ ਜਾਰੀ ਰਿਹਾ, ਜਦਕਿ ਬਾਕੀ ਸਾਥੀਆਂ ਨੇ ਹੇਠਾਂ ਹੀ ਭੁੱਖ ਹੜਤਾਲ ਰੱਖੀ।  ਇਸ ਸਮੇਂ ਯੂਨੀਅਨ ਆਗੂ ਰਾਜੇਸ਼ ਬਾਂਸਲ ਨੇ ਦੱਸਿਆ ਕਿ ਡਾਇਰੈਕਟਰ ਵੱਲੋਂ ਭੁੱਖ ਹੜਤਾਲ 'ਤੇ ਬੈਠੈ ਆਗੂਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੀ ਹੜਤਾਲ ਛੱਡਣ ਅਤੇ ਬਿਲਡਿੰਗ 'ਤੇ ਚੜ੍ਹੇ ਆਗੂ ਵੀ ਹੇਠਾਂ ਉਤਰ ਜਾਣ ਅਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਕਾਰਵਾਈ ਜਾਰੀ ਹੈ ਪਰ ਯੂਨੀਅਨ ਆਗੂਆਂ ਨੇ ਛੱਤ ਤੋਂ ਹੇਠਾਂ ਉਤਰਨ ਅਤੇ ਭੁੱਖ ਹੜਤਾਲ ਛੱਡਣ ਤੋਂ ਕੋਰਾ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਪੱਕੇ ਕਰਨ ਦੇ ਆਰਡਰ ਨਹੀਂ ਮਿਲ ਜਾਂਦੇ, ਓਨੀ ਦੇਰ ਸੰਘਰਸ਼ ਵਾਪਸ ਨਹੀਂ ਹੋਵੇਗਾ। ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਪ੍ਰਧਾਨ ਕਰਮਜੀਤ ਕੌਰ ਔਲਖ ਅੱਜ ਵੀ ਮਰਨ ਵਰਤ 'ਤੇ ਡਟੀ ਰਹੀ, ਜਦਕਿ 2 ਹੋਰ ਆਗੂ ਬਲਜੀਤ ਸਿੰਘ ਅਤੇ ਕਰਮਚਾਰੀ ਸਤਪਾਲ ਸਿੰਘ ਉਨ੍ਹਾਂ ਨਾਲ ਰੋਸ ਵਜੋਂ ਡਟੇ ਹੋਏ ਹਨ, ਜਦਕਿ ਹੇਠਾਂ 5 ਆਗੂ ਭੁੱਖ ਹੜਤਾਲ 'ਤੇ ਚੱਲ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ 4 ਦਿਨਾਂ ਤੋਂ ਰਾਜਿੰਦਰਾ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫਤਰ ਦੀ ਬਿਲਡਿੰਗ 'ਤੇ ਚੜ੍ਹੀਆਂ ਨਰਸਾਂ ਦਾ ਰੋਸ ਅੱਜ ਵੀ ਜਾਰੀ ਹੈ। ਉਧਰ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹੇਠਾਂ ਉਤਾਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਰੀ ਹਨ। 

ਨਰਸਿੰਗ ਐਸੋਸੀਏਸ਼ਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ 'ਚ ਅਕਾਲੀ ਦਲ ਸਰਕਾਰ ਸੀ ਤਾਂ ਉਸ ਸਮੇਂ ਵੀ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਸੀ, ਉਸ ਸਮੇਂ ਮਹਾਰਾਣੀ ਪ੍ਰਨੀਤ ਕੌਰ ਨੇ ਖੁਦ ਤੁਰੰਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖਿਆ ਸੀ ਕਿ ਨਰਸਾਂ ਦੀਆਂ ਮੰਗਾਂ ਮੰਨੀਆ ਜਾਣ, ਜਦਕਿ ਹੁਣ ਖੁਦ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਨਾ ਤਾਂ ਮੰਗਾਂ ਮੰਨੀਆਂ ਜਾ ਰਹੀਆਂ ਹਨ ਅਤੇ ਨਾ ਹੀ ਮੁੱਖ ਮੰਤਰੀ ਵੱਲੋਂ ਮਿਲਣ ਦਾ ਸਮਾਂ ਦਿੱਤਾ ਜਾ ਰਿਹਾ ਹੈ। 
ਬੀਬੀ ਔਲਖ ਨੇ ਕਿਹਾ ਕਿ ਪਿਛਲੇ ਸੰਘਰਸ਼ ਸਮੇਂ ਕਈ ਨਰਸਾਂ ਨੂੰ ਜੇਲ ਤੱਕ ਜਾਣਾ ਪਿਆ ਸੀ ਅਤੇ ਕਈਆਂ ਨੇ ਨਹਿਰ 'ਚ ਵੀ ਛਾਲ ਮਾਰ ਦਿੱਤੀ ਸੀ ਪਰ ਸਰਕਾਰਾਂ ਦੇ ਕੰਨਾ 'ਤੇ ਕੋਈ ਵੀ ਜੂੰ ਨਹੀਂ ਸਰਕੀ ਸੀ। ਹੁਣ ਕਾਂਗਰਸ ਸਰਕਾਰ ਵੀ ਉਸੇ ਰਾਹ 'ਤੇ ਤੁਰ ਪਈ ਹੈ। ਉਨ੍ਹਾਂ ਦੱਸਿਆ ਕਿ  ਕੱਚੇ ਤੌਰ 'ਤੇ ਕੰਮ ਕਰ ਰਹੀਆਂ ਨਰਸਾਂ ਦੀ ਗਿਣÎਤੀ 700-800 ਦੇ ਕਰੀਬ ਹੋ ਸਕਦੀ ਹੈ, ਜਦਕਿ ਪੱਕੀਆਂ ਤਾਂ ਮਹਿਜ 20 ਜਾਂ 30 ਦੇ ਕਰੀਬ ਹੀ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਰਕਾਰ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਬੀਬੀ ਔਲਖ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ 1 ਮਹੀਨੇ ਅੰਦਰ ਪੱਕਾ ਕੀਤਾ ਜਾਵੇਗਾ ਪਰ 2 ਸਾਲ ਬੀਤ ਜਾਣ 'ਤੇ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।


author

Shyna

Content Editor

Related News