ਸਰਹੱਦੀ ਪਿੰਡਾਂ ਦੇ ਸਿਹਤ ਕੇਂਦਰ ਬਣੇ ‘ਚਿੱਟਾ ਹਾਥੀ’
Friday, Aug 31, 2018 - 02:16 AM (IST)

ਅਜਨਾਲਾ, (ਫਰਿਆਦ)- ਸਮੇਂ ਦੀਆਂ ਸਰਕਾਰਾਂ ਜਿਥੇ ਇਕ ਪਾਸੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਉਥੇ ਇਨ੍ਹਾਂ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਪ੍ਰਤੀਤ ਹੁੰਦੀ ਹੈ, ਜਦੋਂ ਤਹਿਸੀਲ ਅਜਨਾਲਾ ’ਚ ਸਰਹੱਦ ਨਾਲ ਲੱਗਦੇ ਪਿੰਡਾਂ ’ਚ ਬਣੇ ਮੁੱਢਲੇ ਸਿਹਤ ਕੇਂਦਰ (ਐੱਸ. ਐੱਚ. ਸੀ.) ਚਿੱਟਾ ਹਾਥੀ ਸਾਬਿਤ ਤਾਂ ਹੋ ਹੀ ਰਹੇ ਹਨ, ਜਦੋਂ ਕਿ ਇਨ੍ਹਾਂ ’ਚ ਲੱਗਾ ਸਟਾਫ ਲੱਖਾਂ ਰੁਪਏ ਦੀਆਂ ਤਨਖਾਹਾਂ ਲੈ ਕੇ ਵੀ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਰੱਖ ਰਿਹਾ ਹੈ। ਇਸ ਸਬੰਧੀ ਜਗ ਬਾਣੀ ਦੇ ਪ੍ਰਤੀਨਿਧੀ ਨੂੰ ਪਿੰਡ ਚੱਕ ਡੋਗਰਾਂ ਦੇ ਲੋਕਾਂ ਦੇ ਕਹਿਣ ’ਤੇ ਪਿੰਡ ’ਚ ਬਣੇ ਮੁੱਢਲੇ ਸਿਹਤ ਕੇਂਦਰ (ਐੱਸ. ਐੱਚ. ਸੀ.) ’ਚ ਮੌਕੇ ’ਤੇ ਜਾ ਕੇ ਦੇਖਣ ਨੂੰ ਮਿਲਿਆ ਕਿ ਉਥੇ 1 ਫਾਰਮਾਸਿਸਟ ਤੇ ਦਰਜਾ-4 ਮੁਲਾਜ਼ਮ ਤੋਂ ਬਿਨਾਂ ਸਾਰਾ ਸਟਾਫ ਗੈਰ-ਹਾਜ਼ਰ ਸੀ। ਉਥੇ ਮੌਜੂਦ ਪਿੰਡ ਚੱਕ ਡੋਗਰਾਂ ਦੇ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰਘ ਤੇ ਰਾਜਬੀਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਬਣੇ ਇਸ ਐੱਸ. ਐੱਚ. ਸੀ. ’ਚ ਨਾ ਤਾਂ ਲੋਡ਼ੀਂਦੀਆਂ ਦਵਾਈਆਂ ਹਨ ਤੇ ਨਾ ਹੀ ਇਥੇ ਲੱਗਾ ਸਟਾਫ ਸਮੇਂ ਸਿਰ ਹਾਜ਼ਰ ਪਾਇਆ ਜਾਂਦਾ ਹੈ ਅਤੇ ਜ਼ਿਆਦਾਤਰ ਡਾਕਟਰ ਤੇ ਮੁਲਾਜ਼ਮ ਫਰਲੋ ’ਤੇ ਹੀ ਰਹਿੰਦੇ ਹਨ।
ਉਧਰ ਇਸ ਐੱਸ. ਐੱਚ. ਸੀ. ’ਚ ਮੌਜੂਦ ਫਾਰਮਾਸਿਸਟ ਸੁਨੀਲ ਕੁੰਦਰਾ ਤੇ ਦਰਜਾ-4 ਮੁਲਾਜ਼ਮ ਨੇ ਐੱਸ. ਐੱਚ. ਸੀ. ਦੀਆਂ ਦਵਾਈਆਂ ਤੋਂ ਬਿਨਾਂ ਖਾਲੀ ਅਲਮਾਰੀਆਂ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਕਰੀਬ 8 ਮਹੀਨਿਆਂ ਤੋਂ ਉਨ੍ਹਾਂ ਨੂੰ ਲੋਡ਼ੀਂਦੀਆਂ ਦਵਾਈਆਂ ਮੁਹੱਈਆ ਨਹੀਂ ਹੋ ਰਹੀਆਂ, ਜਿਸ ਕਾਰਨ ਅਕਸਰ ਲੋਕ ਦਵਾਈਆਂ ਨਾ ਮਿਲਣ ਕਾਰਨ ਉਨ੍ਹਾਂ ਨਾਲ ਝਗਡ਼ਾ ਕਰਦੇ ਹਨ। ਨੌਜਵਾਨਾਂ ਦੱਸਿਆ ਕਿ ਚੱਕ ਡੋਗਰਾਂ, ਫੱਤੇਵਾਲ, ਤੇਡ਼ਾ ਰਾਜਪੂਤਾਂ ਸਣੇ ਕਰੀਬ 11 ਪਿੰਡਾਂ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ ਉਕਤ ਐੱਸ. ਐੱਚ. ਸੀ. ਸਥਾਪਤ ਕੀਤਾ ਗਿਆ ਸੀ ਪਰ ਲੰਮੇ ਸਮੇਂ ਤੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਬਜਾਏ ਉਕਤ ਕੇਂਦਰ ਆਈ. ਸੀ. ਯੂ. ’ਚ ਲੱਗਾ ਪ੍ਰਤੀਤ ਹੁੰਦਾ ਹੈ, ਜਿਸ ਦਾ ਮੁੱਖ ਕਾਰਨ ਇਥੇ ਲੱਗੇ 1 ਡਾਕਟਰ, 2 ਏ. ਐੱਨ. ਐੱਮ. (ਅੌਰਤ), 1 ਏ. ਐੱਨ. ਐੱਮ. (ਮਰਦ) ਦਾ ਗੈਰ-ਹਾਜ਼ਰ ਰਹਿਣਾ ਅਤੇ ਸਮੇਂ ਸਿਰ ਦਵਾਈਆਂ ਨਾ ਦੇਣਾ ਹੈ, ਜਿਸ ਕਾਰਨ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਪਿੰਡਾਂ ’ਚ ਝੋਲਾਛਾਪ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਜਦੋਂ ਇਥੇ ਤਾਇਨਾਤ ਐੱਮ. ਬੀ. ਬੀ. ਐੱਸ. ਡਾ. ਸੰਤੋਸ਼ ਕੁਮਾਰੀ ਨੂੰ ਫੋਨ ’ਤੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਛੁੱਟੀ ਲਈ ਹੋਈ ਹੈ। ਉਧਰ ਜਦੋਂ ਸਿਵਲ ਸਰਜਨ ਅੰਮ੍ਰਿਤਸਰ ਡਾ. ਐੱਚ. ਐੱਸ. ਘਈ ਨੂੰ ਫੋਨ ’ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਐੱਸ. ਐੱਚ. ਸੀ. ’ਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਫਿਰ ਵੀ ਉਹ ਐੱਸ. ਐੱਮ. ਓ. ਰਮਦਾਸ ਨੂੰ ਦਵਾਈਆਂ ਤੇ ਡਾਕਟਰ ਅਤੇ ਸਟਾਫ ਦੀ ਗੈਰ- ਹਾਜ਼ਰੀ ਬਾਰੇ ਪੁੱਛ ਕੇ ਬਣਦੀ ਕਾਰਵਾਈ ਕਰਨਗੇ।