ED ਨੇ ਜਿਸ ਮੁੱਖ ਮੰਤਰੀ ਤੇ ਭਾਣਜੇ ਤੋਂ 10 ਕਰੋੜ ਰੁਪਏ ਵਸੂਲੇ, ਉਹ ਗਰੀਬ ਮੁੱਖਮੰਤਰੀ ਨਹੀ ਹੋ ਸਕਦਾ : ਸੁਖਬੀਰ ਬਾਦਲ
Tuesday, Feb 08, 2022 - 11:58 AM (IST)
ਲੁਧਿਆਣਾ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇੱਕ ਮੁੱਖ ਮੰਤਰੀ ਜਿਸ ਦੇ ਭਾਣਜੇ ਤੋਂ 10 ਕਰੋੜ ਰੁਪਏ ਨਕਦ ਅਤੇ 56 ਕਰੋੜ ਰੁਪਏ ਦਾ ਸੋਨਾ ਅਤੇ ਗ਼ੈਰਕਾਨੂੰਨੀ ਰੂਪ ਤੋਂ ਪ੍ਰਾਪਤ ਜਾਇਦਾਦ ਦੇ ਕਾਗਜਾਤ ਈ.ਡੀ. ਵਲੋਂ ਬਰਾਮਦ ਕੀਤੇ ਗਏ, ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਗਰੀਬ ਨਹੀ ਕਿਹਾ ਜਾ ਸਕਦਾ। ਅਕਾਲੀ ਦਲ ਪ੍ਰਧਾਨ, ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੰਨੀ ਦੇ ਗਰੀਬ ਮੁੱਖ ਮੰਤਰੀ ਹੋਣ ਦੇ ਦਾਅਵੇ ਸੰਬੰਧੀ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਪੱਸ਼ਟ ਰੂਪ ਨਾਲ ਜਿਸ ਨੇ ਗ਼ੈਰਕਾਨੂੰਨੀ ਕਾਲੋਨੀਆਂ ਕੱਟਣ ਤੋਂ ਲੈ ਕੇ ਰੇਤ ਮਾਫੀਆ ਬਣਨ ਤੱਕ ਇੰਨੀ ਜ਼ਿਆਦਾ ਕਮਾਈ ਕੀਤੀ ਹੈ, ਜਿਸ ਦੀ ਕੀਮਤ 500 ਕਰੋੜ ਰੁਪਏ ਤੋਂ ਜ਼ਿਆਦਾ ਹੈ। ਜੇਕਰ ਅਸੀ ਚੰਨੀ ਦੀ ਦੌਲਤ ਨੂੰ ਮਿਣਨ ਲਈ ਰਾਹੁਲ ਗਾਂਧੀ ਦੇ ਮਾਪਦੰਡ ਦਾ ਇਸਤੇਮਾਲ ਕਰੀਏ ਤਾਂ ਗਾਂਧੀ ਪਰਿਵਾਰ ਵੀ ਬਹੁਤ ਗਰੀਬ ਹੈ। ਬਾਦਲ ਨੇ ਚੰਨੀ ਤੋਂ ਪੁੱਛਿਆ ਕਿ ਉਨ੍ਹਾਂ ਨੇ ਕਦੇ ਅਨੁਸੂਚਿਤ ਜਾਤੀ ਸਮੁਦਾਏ ਅਤੇ ਕਮਜ਼ੋਰ ਵਰਗਾਂ ਦੇ ਪੱਖ ਵਿਚ ਆਵਾਜ਼ ਕਿਉਂ ਨਹੀ ਚੁੱਕੀ? ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਚੰਨੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਰੀਬ ਪੰਜ ਸਾਲ ਤੱਕ ਕੈਬਿਨੇਟ ਮੰਤਰੀ ਰਹੇ ਹਨ। ਹਾਲਾਂਕਿ ਉਨ੍ਹਾਂ ਨੇ 4.5 ਲੱਖ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਹਿਤਾਂ ਦੀ ਰੱਖਿਆ ਲਈ ਕਦੇ ਆਵਾਜ਼ ਨਹੀ ਚੁੱਕੀ, ਜਿਨ੍ਹਾਂ ਨੂੰ ਨਾ ਕੇਵਲ ਐੱਸ.ਸੀ. ਵਜ਼ੀਫ਼ੇ ਤੋਂ ਵਾਂਝਾ ਕਰ ਦਿੱਤਾ ਗਿਆ, ਸਗੋਂ ਜਿਨ੍ਹਾਂ ਦੇ ਵਜੀਫ਼ੇ ਨੂੰ ਉਨ੍ਹਾਂ ਦੇ ਕੈਬਿਨੇਟ ਦੇ ਸਾਥੀ-ਸਾਧੂ ਸਿੰਘ ਧਰਮਸੋਤ ਨੇ ਗ਼ਬਨ ਕਰ ਲਿਆ ਸੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਚੰਨੀ ਨੇ ਲੱਖਾਂ ਨੀਲੇ ਕਾਰਡਾਂ ਨੂੰ ਰੱਦ ਕਰਨ ’ਤੇ ਕੋਈ ਇਤਰਾਜ਼ ਨਹੀਂ ਕੀਤਾ, ਜੋ ਕਮਜ਼ੋਰ ਵਰਗਾਂ ਨੂੰ ਸਬਸਿਡੀ ਵਾਲੇ ਰਾਸ਼ਨ ਦੇ ਹੱਕਦਾਰ ਬਣਾਉਂਦੇ ਸਨ। ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦਾ ਕੋਈ ਵੀ ਐਲਾਨ ਪਾਰਟੀ ਨੂੰ ਨਹੀ ਬਚਾ ਸਕਦਾ। ਕਾਂਗਰਸ ਪਾਰਟੀ ਦਾ ਜਹਾਜ ਪੰਜਾਬ ਵਿਚ ਦਿਨੋ-ਦਿਨ ਡੁੱਬਦਾ ਚਲਾ ਜਾ ਰਿਹਾ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹ ਦਿਖਾਵਟੀ ਘੋੜੇ ਦੀ ਤਰ੍ਹਾਂ ਕੰਮ ਨਹੀ ਕਰਨਗੇ, ਪਰ ਹੁਣ ਰਾਹੁਲ ਗਾਂਧੀ ਨੇ ਨਾ ਕੇਵਲ ਘੋੜੇ ਦਾ ਬੰਨ੍ਹ ਦਿੱਤਾ, ਸਗੋਂ ਤਬੇਲੇ ਵਿਚ ਵੀ ਬੰਦ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਪੁੱਛੇ ਜਾਣ ’ਤੇ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਕੇਜਰੀਵਾਲ ਨੇ ਪੰਜਾਬੀਆਂ ਨੂੰ ਵੱਡੇ-ਵੱਡੇ ਵਾਅਦੇ ਕਰਕੇ ਵੋਟਾਂ ਮੰਗੀਆਂ ਸਨ। ਉਨ੍ਹਾਂ ਦੇ ਵੀਹ ਵਿਚੋਂ 11 ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ। ਅੱਜ ਉਹ ਪਾਰਟੀ ਟਿਕਟ ਵੇਚਣ ਲਈ ਕਰੋੜਾਂ ਰੁਪਏ ਕਮਾਉਣ ਲਈ ਰਾਜ ਵਿਚ ਵਾਪਸ ਆਈ ਹੈ।