ਜਮੀਰ ਬਚੀ ਹੁੰਦੀ ਤਾਂ ਤੁਰੰਤ ਅਸਤੀਫ਼ੇ ਦੇ ਦਿੰਦੇ ਹਰਿਆਣਾ ਤੇ ਯੂਪੀ ਦੇ ਮੁੱਖ ਮੰਤਰੀ : ਪ੍ਰਤਾਪ ਸਿੰਘ ਬਾਜਵਾ

Monday, Oct 04, 2021 - 08:19 PM (IST)

ਜਮੀਰ ਬਚੀ ਹੁੰਦੀ ਤਾਂ ਤੁਰੰਤ ਅਸਤੀਫ਼ੇ ਦੇ ਦਿੰਦੇ ਹਰਿਆਣਾ ਤੇ ਯੂਪੀ ਦੇ ਮੁੱਖ ਮੰਤਰੀ : ਪ੍ਰਤਾਪ ਸਿੰਘ ਬਾਜਵਾ

ਗੁਰਦਾਸਪੁਰ (ਹਰਮਨ) : ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ’ਚ ਕਿਸਾਨਾਂ ’ਤੇ ਗੱਡੀ ਚੜਾ ਕੇ ਕਿਸਾਨਾਂ ਨੂੰ ਕੁਚਲਣ ਵਾਲੀ ਦਰਦਨਾਕ ਕਾਰਵਾਈ ਦੇ ਰੋਸ ਵਜੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਬਾਜਵਾ ਨੇ ਜਿਥੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਯੂ. ਪੀ. ਦੇ ਮੁੱਖ ਮੰਤਰੀਆਂ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਹਨ। ਬਾਜਵਾ ਨੇ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਹਿਰਾ ਦੇ ਕਾਫਲੇ ਵੱਲੋਂ ਦਿਨ ਦਿਹਾੜੇ ਕਿਸਾਨਾਂ ਨੂੰ ਕੁਚਲ ਦਿੱਤਾ ਗਿਆ, ਜਿਸ ਕਾਰਨ ਅੱਜ ਪੂਰੇ ਦੇਸ਼ ਅੰਦਰ ਰੋਸ ਦੀ ਇਕ ਵਿਆਪਕ ਲਹਿਰ ਦੌੜ ਗਈ ਹੈ। ਕਿਸਾਨ ਸਾਡੇ ਦੇਸ਼ ਦੀ ਨੀਂਹ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਨੂੰ ਗੱਡੀਆਂ ਹੇਠ ਕੁਚਲਣ ਦੀ ਕਾਰਵਾਈ ਦੇਸ਼ ਦੇ ਸੰਵਿਧਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਰਦਨਾਕ ਢੰਗ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਭੜਕਾਊ ਬਿਆਨ ਦੇ ਕੇ ਹਿੰਸਾ ਅਤੇ ਫਿਰਕੂ ਨਫਰਤ ਫੈਲਾਉਣ ਵਾਲੇ ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ। ਬਾਜਵਾ ਨੇ ਕਿਹ ਕਿ ਜੇਕਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਜਮੀਰ ਬਚੀ ਹੁੰਦੀ ਤਾਂ ਉਹ ਖੁਦ ਹੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੰਦੇ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਸਾਬਕਾ ਪੁਲਸ ਅਧਿਕਾਰੀਆਂ ਦੀ ਅਪੀਲ ਰੱਦ ਕੀਤੇ ਜਾਣਾ ਸਰਕਾਰ ਦੀ ਵੱਡੀ ਜਿੱਤ

ਬਾਜਵਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਵਿਰੁੱਧ ਹਿੰਸਾ ਦੀ ਇਹ ਘਿਣਾਉਣੀ ਕਾਰਵਾਈ ਕੋਈ ਨਵੀਂ ਗੱਲ ਨਹੀ ਹੈ। ਸਾਲ 2017 ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਬਾਜਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਪਾਰਟੀ ਵਰਕਰਾਂ ਨੂੰ ਵੱਡੇ ਨੇਤਾ ਬਣਨ ਲਈ ਕੁਝ ਮਹੀਨੇ ਜੇਲ੍ਹ ’ਚ ਬਿਤਾਉਣ ਅਤੇ ਕਿਸਾਨਾਂ ਵਿਰੁੱਧ ਲਾਠੀਆਂ ਚੁੱਕਣ ਅਤੇ ਹਿੰਸਾ ਦੀਆਂ ਕਾਰਵਾਈਆਂ ਕਰਨ ਦਾ ਸੱਦਾ ਦਿੱਤਾ ਹੈ, ਜਿਸ ਦੀ ਵੀਡੀਓ ਪੂਰਾ ਦੇਸ਼ ਦੇਖ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਅੰਗਰੇਜਾਂ ਦੇ ਰਾਜ ਵਿਚ ਹੀ ਸੰਵਿਧਾਨਕ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਭਾਰਤ ਦੇ ਲੋਕਾਂ ਖ਼ਿਲਾਫ਼ ਤਸ਼ੱਦਦ ਕਰਨ ਦੇ ਅਜਿਹੇ ਬਿਆਨ ਦਿੰਦੇ ਸਨ ਪਰ ਅੰਗਰੇਜਾਂ ਦੇ ਬਾਅਦ ਕਦੇ ਵੀ ਕੋਈ ਅਜਿਹੀ ਉਦਾਹਰਨ ਦੇਖਣ ਨੂੰ ਨਹੀਂ ਮਿਲੀ। ਇਸ ਉਨ੍ਹਾਂ ਮੰਗ ਕੀਤੀ ਕਿ ਰਾਸ਼ਟਰਪਤੀ ਤੁਰੰਤ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਾ ਅਸਤੀਫਾ ਮੰਗਣ।

ਇਹ ਵੀ ਪੜ੍ਹੋ : ਪੰਜਾਬ ਦੇ ਬਦਲੇ ਸਿਆਸੀ ਸਮੀਕਰਣਾਂ 'ਚ 'ਪਟਿਆਲਾ' ਦੇ ਕਾਂਗਰਸੀ ਹੋਏ ਸੁੰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Anuradha

Content Editor

Related News