ਹਰਿਆਣਾ-ਦਿੱਲੀ ਬਾਰਡਰ ''ਤੇ ਪੁੱਜੇ ਮੰਤਰੀ ਸਿੰਗਲਾ, ਕਿਸਾਨਾਂ ਦੇ ਹੱਕ ''ਚ ਮਾਰਿਆ ਹਾਅ ਦਾ ਨਾਅਰਾ

11/28/2020 10:23:55 PM

ਚੰਡੀਗੜ੍ਹ,(ਅਸ਼ਵਨੀ)-ਹਰਿਆਣਾ-ਦਿੱਲੀ ਦੇ ਬਾਰਡਰ 'ਤੇ ਡਟੇ ਕਿਸਾਨਾਂ ਵਿਚਕਾਰ ਸ਼ਨੀਵਾਰ ਨੂੰ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਪਹੁੰਚੇ। ਇਸ ਦੌਰਾਨ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਕੀਤੇ ਮਾੜੇ ਵਰਤਾਓ ਨੂੰ ਦੇਖਦਿਆਂ ਲੱਗਦਾ ਹੈ ਕਿ ਮੋਦੀ ਸਰਕਾਰ ਨੇ 'ਜੈ ਜਵਾਨ, ਜੈ ਕਿਸਾਨ' ਨਾਅਰੇ ਦੀ ਪਰਿਭਾਸ਼ਾ ਬਦਲ ਕੇ 'ਜਾਹ ਜਵਾਨ, ਮਾਰ ਕਿਸਾਨ' ਕਰ ਦਿੱਤੀ ਹੈ। ਸਿੰਗਲਾ ਨੇ ਕਿਸਾਨਾਂ ਦਾ ਹਾਲ-ਚਾਲ ਜਾਣਨ ਤੋਂ ਇਲਾਵਾ ਲੰਗਰ ਵਿਚ ਹਿੱਸਾ ਪਾਇਆ ਤੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਲੰਗਰ ਵਰਤਾਇਆ। ਉਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਿਰਫ਼ ਉਹ ਹੀ ਨਹੀਂ, ਸਗੋਂ ਪੂਰਾ ਪੰਜਾਬ ਉਨ੍ਹਾਂ ਨਾਲ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸਮਾਜ ਦੇ ਹਰ ਵਰਗ ਵਲੋਂ ਪੂਰੀ ਵਾਹ ਲਾਈ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਮੋਦੀ ਸਰਕਾਰ ਵਲੋਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਲਾਹਾ ਦੇਣ ਲਈ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਈ ਸੌ ਕਿਲੋਮੀਟਰ ਚੱਲ ਕੇ ਇੱਥੇ ਰੋਸ-ਪ੍ਰਦਰਸ਼ਨ ਕਰਨ ਪਹੁੰਚਿਆ ਹੈ। ਦੇਸ਼ ਦੀ ਆਰਥਿਕਤਾ ਦੇ ਸਭ ਤੋਂ ਵੱਡੇ ਧੁਰੇ ਨੂੰ ਸੰਭਾਲਣ ਵਾਲੇ ਕਿਸਾਨਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਇਸਦਾ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਉਨ੍ਹਾਂ ਦੀ ਸਾਰੀ ਕੈਬਨਿਟ ਤੇ ਪਾਰਟੀ ਖੇਤੀਬਾੜੀ ਖੇਤਰ 'ਤੇ ਛਾਏ ਇਨ੍ਹਾਂ ਕਾਲੇ ਬੱਦਲਾਂ ਵਿਰੁੱਧ ਡਟ ਕੇ ਖੜ੍ਹੇ ਹਨ ਅਤੇ ਕਿਸੇ ਵੀ ਕੀਮਤ 'ਤੇ ਇਹ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ।
 


Deepak Kumar

Content Editor

Related News