ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ ਦੇਣਾ ਬੰਦ ਕਰੇ ‘ਆਪ’ ਸਰਕਾਰ : ਹਰਸਿਮਰਤ ਬਾਦਲ

Saturday, Dec 11, 2021 - 11:46 AM (IST)

ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ ਦੇਣਾ ਬੰਦ ਕਰੇ ‘ਆਪ’ ਸਰਕਾਰ : ਹਰਸਿਮਰਤ ਬਾਦਲ

ਦਿੱਲੀ/ਜਲੰਧਰ ( ਲਾਭ ਸਿੰਘ ਸਿੱਧੂ)– ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਿਹਾ ਕਿ ਉਹ ਕੌਮੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਬੰਦ ਕਰੇ ਅਤੇ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਵਾਸਤੇ ਮੁਆਵਜ਼ਾ ਦੇਵੇ।

ਬੀਤੇ ਦਿਨ ਸੰਸਦ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਾਤਾਵਰਣ, ਜੰਗਲਾਂ ਅਤੇ ਮੌਸਮ ਤਬਦੀਲੀ ਮੰਤਰਾਲਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦਿੱਲੀ ਵਿਚ ਹਵਾ ਪ੍ਰਦੂਸ਼ਣ ਲਈ ਪਰਾਲੀ ਦਾ ਸਾੜਨਾ ਜ਼ਿੰਮੇਵਾਰ ਨਹੀਂ ਪਰ ਆਪ ਸਰਕਾਰ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਲਗਾਤਾਰ ਦੋਸ਼ੀ ਠਹਿਰਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਐਨਾਂ ਨੇ ਸਾਬਤ ਕੀਤਾ ਹੈ ਕਿ ਦਿੱਲੀ ਵਿਚ ਹਵਾ ਦੀ ਕਵਾਲਟੀ ’ਤੇ ਪਰਾਲੀ ਸਾੜਨ ਦਾ ਅਸਰ ਨਾ ਬਰਾਬਰ ਹੈ ਅਤੇ ਉਸਾਰੂ ਗਤੀਵਿਧੀਆਂ, ਇੰਡਸਟਰੀ ਦੇ ਧੂੰਏਂ ਤੇ ਵਾਹਨਾਂ ਦਾ ਪ੍ਰਦੂਸ਼ਣ ਹੀ ਕੌਮੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ: ਸੋਨੇ ਦੀਆਂ ਹਲਕੀਆਂ ਅੰਗੂਠੀਆਂ ਦੇਣ 'ਤੇ ਲਾੜੇ ਨੇ ਜ਼ਮੀਨ 'ਤੇ ਪੱਗ ਲਾਹ ਕੇ ਸੁੱਟਿਆ ਸਿਹਰਾ, ਜਾਣੋ ਅੱਗੇ ਕੀ ਹੋਇਆ

ਉਨ੍ਹਾਂ ਵਾਤਾਵਰਣ ਮੰਤਰਾਲਾ ਨੂੰ ਕਿਹਾ ਕਿ ਉਹ ਸੱਚ ਸਾਹਮਣੇ ਲਿਆਉਣ ਲਈ ਇਸ ਮਾਮਲੇ ’ਤੇ ਵਾਈਟ ਪੇਪਰ ਜਾਰੀ ਕਰੇ ਅਤੇ ਇਸ ਮਾਮਲੇ ਵਿਚ ਕਿਸਾਨਾਂ ਨੂੰ ਨਾਜਾਇਜ਼ ਨਿਸ਼ਾਨਾ ਬਣਾਇਆ ਜਾਣਾ ਬੰਦ ਹੋਵੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਬਦਲ ਦੇਵੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕਿ ਕਿਸਾਨਾਂ ਨੂੰ ਪਰਾਲੀ ਦਾ ਪ੍ਰਬੰਧ ਕਰਨ ਵਾਸਤੇ 100 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ਪਰ 3 ਸਾਲ ਲੰਘਣ ਮਗਰੋਂ ਹਾਲੇ ਤੱਕ ਇਕ ਪੈਸਾ ਵੀ ਨਹੀਂ ਦਿੱਤਾ ਗਿਆ ਉਲਟਾ ਉਨ੍ਹਾਂ ’ਤੇ ਜੁਰਮਾਨੇ ਲਗਾਏ ਜਾ ਰਹੇ ਹਨ।
ਬਠਿੰਡਾ ਦੇ ਐੱਮ. ਪੀ. ਨੇ ਇਹ ਵੀ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕਿਵੇਂ ਹਰੀ ਕ੍ਰਾਂਤੀ ਨਾਲ ਦੇਸ਼ ਨੂੰ ਆਤਮ ਨਿਰਭਰ ਬਣਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਸ ਦੀ ਭਾਰੀ ਕੀਮਤ ਅਦਾ ਕੀਤੀ ਹੈ ਤੇ ਇਥੇ ਧਰਤੀ ਹੇਠ ਪਾਣੀ ਕਾਫੀ ਹੇਠਾਂ ਚਲਾ ਗਿਆ ਹੈ ਤੇ ਖੇਤੀ ਲਾਗਤ ਕਿਤੇ ਵੱਧ ਗਈ ਹੈ। ਉਨ੍ਹਾਂ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਇਸ ਮਸਲੇ ਦਾ ਹੱਲ ਲੱਭਣ ਦੀ ਵਕਾਲਤ ਕੀਤੀ।

ਇਹ ਵੀ ਪੜ੍ਹੋ:  ਹੈਲੀਕਾਪਟਰ ਕ੍ਰੈਸ਼ ਹਾਦਸੇ ਦੇ ਸ਼ਹੀਦਾਂ 'ਚ ਨਵਾਂਸ਼ਹਿਰ ਦੇ ਲਖਵਿੰਦਰ ਸਿੰਘ ਵੀ ਸ਼ਾਮਲ, ਪਿੰਡ ਵਾਸੀਆਂ ਨੇ ਕੀਤੀ ਇਹ ਮੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News