ਕੇਂਦਰੀ ਵਜ਼ੀਰੀ ''ਚੋਂ ਹਰਸਿਮਰਤ ਦੇ ਅਸਤੀਫੇ ਦੇ ਕੀ ਹਨ ਮਾਇਨੇ!

Friday, Sep 18, 2020 - 08:52 PM (IST)

ਕੇਂਦਰੀ ਵਜ਼ੀਰੀ ''ਚੋਂ ਹਰਸਿਮਰਤ ਦੇ ਅਸਤੀਫੇ ਦੇ ਕੀ ਹਨ ਮਾਇਨੇ!

ਚੰਡੀਗੜ੍ਹ : ਕੇਂਦਰ ਦੇ ਖੇਤੀ ਆਰਡੀਨੈਂਸਾਂ 'ਤੇ ਗਠਜੋੜ ਦੇ ਸਭ ਤੋਂ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੀ ਨਰਾਜ਼ਗੀ ਵੀਰਵਾਰ ਨੂੰ ਖੁੱਲ੍ਹ ਕੇ ਸਾਹਮਣੇ ਆ ਗਈ। ਵੀਰਵਾਰ ਨੂੰ ਲੋਕ ਸਭਾ ਵਿਚ ਦੋ ਬਿੱਲਾਂ 'ਤੇ ਚਰਚਾ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਬਿੱਲਾਂ ਦੇ ਪੱਖ ਵਿਚ ਨਹੀਂ ਹੈ ਅਤੇ ਇਸ ਲਈ ਮੰਤਰੀ ਹਰਸਮਿਰਤ ਕੌਰ ਬਾਦਲ ਅਸਤੀਫ਼ਾ ਦੇ ਰਹੇ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਹਰਸਿਮਰਤ ਨੇ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਸ਼ੁੱਕਰਵਾਰ ਸਵੇਰੇ ਪ੍ਰਵਾਨ ਕਰ ਲਿਆ ਗਿਆ। ਗਠਜੋੜ ਰਹੇਗਾ ਜਾਂ ਨਹੀਂ ਫਿਲਹਾਲ ਇਸ 'ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਪਰ ਜ਼ਿਆਦਾਤਰ ਅਕਾਲੀ ਆਗੂ ਇਸ ਅਸਤੀਫ਼ੇ ਤੋਂ ਬਾਅਦ ਸਖ਼ਤ ਫ਼ੈਸਲਾ ਲੈਣ ਲਈ ਪਾਰਟੀ ਹਾਈਕਮਾਨ 'ਤੇ ਦਬਾਅ ਬਣਾ ਰਹੇ ਹਨ। 

ਇਹ ਵੀ ਪੜ੍ਹੋ :  ਕੋਰੋਨਾ ਆਫ਼ਤ ਦੌਰਾਨ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਕੀ ਹਨ ਹਰਸਿਮਰਤ ਦੇ ਅਸਤੀਫ਼ੇ ਦੇ ਮਾਇਨੇ
ਖੇਤੀ ਪ੍ਰਧਾਨ ਖੇਤਰ ਮਾਲਵੇ ਵਿਚ ਅਕਾਲੀ ਦਲ ਦੀ ਚੰਗੀ ਪਕੜ ਹੈ। ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਰ ਆ ਰਹੀਆਂ ਹਨ। ਅਸਤੀਫ਼ਾ ਦੇਣਾ ਮਜ਼ਬੂਰੀ ਵੀ ਬਣ ਗਈ ਸੀ ਕਿਉਂਕਿ ਚੋਣਾਂ ਵਿਚ ਹੁਣ ਲਗਭਗ ਡੇਢ ਸਾਲ ਦਾ ਸਮਾਂ ਹੀ ਬਚਿਆ ਹੈ। ਅਜਿਹੇ ਵਿਚ ਅਕਾਲੀ ਦਲ ਕਿਸਾਨਾਂ ਦੇ ਇਕ ਵੱਡੇ ਵੋਟ ਬੈਂਕ ਨੂੰ ਆਪਣੇ ਖ਼ਿਲਾਫ਼ ਨਹੀਂ ਕਰਨਾ ਚਾਹੁੰਦਾ ਹੈ। ਦੂਜਾ ਅਕਾਲੀ ਦਲ ਹਮੇਸ਼ਾ ਇਹ ਗੱਲ ਕਹਿੰਦਾ ਆਇਆ ਹੈ ਕਿ ਕਿਸਾਨਾਂ ਲਈ ਉਹ ਕੋਈ ਵੀ ਕੁਰਬਾਨੀ ਦੇ ਸਕਦਾ ਹੈ, ਲਿਹਾਜ਼ਾ ਇਸ ਅਸਤੀਫ਼ੇ ਨਾਲ ਇਹ ਵੀ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਕਿਸਾਨੀ ਹਿੱਤਾਂ ਲਈ ਅਕਾਲੀ ਦਲ ਕਿਸੇ ਵੀ ਹੱਦ ਤਕ ਜਾ ਸਕਦਾ ਹੈ। 

ਇਹ ਵੀ ਪੜ੍ਹੋ :  ਘਰੋਂ ਬੇ-ਘਰ ਹੋਈ 92 ਸਾਲਾ ਬਜ਼ੁਰਗ ਮਾਂ, ਕੁੱਖੋਂ ਜੰਮੇ ਪੁੱਤ 'ਤੇ ਲਗਾਏ ਵੱਡੇ ਦੋਸ਼

ਚੁਫੇਰਿਓਂ ਬਣਿਆ ਦਬਾਅ
ਬੇਅਦਬੀ ਅਤੇ ਪਾਰਟੀ ਦੀ ਅੰਦਰੂਨੀ ਫੁੱਟ ਨਾਲ ਜੂਝ ਰਹੇ ਅਕਾਲੀ ਦਲ ਲਈ ਇਹ ਬਿੱਲ ਗਲੇ ਦੀ ਹੱਡੀ ਬਣ ਗਏ ਸਨ ਕਿਉਂਕਿ ਜੇ ਅਕਾਲੀ ਦਲ ਇਨ੍ਹਾਂ ਲਈ ਹਾਮੀ ਭਰਦਾ ਹੈ ਤਾਂ ਸੂਬੇ ਦੇ ਵੱਡੇ ਵੋਟ ਬੈਂਕ ਕਿਸਾਨੀ ਤੋਂ ਹੱਥ ਧੋਣਾ ਪੈਂਦਾ। ਉਧਰ ਦੂਜੀ ਵਾਰ ਮੰਤਰੀ ਬਣੀ ਹਰਸਿਮਰਤ 'ਤੇ ਇਨ੍ਹਾਂ ਬਿੱਲਾਂ ਨੂੰ ਲੈ ਕੇ ਅਹੁਦਾ ਛੱਡਣ ਦਾ ਦਬਾਅ ਵੀ ਬਣਿਆ ਹੋਇਆ ਸੀ। 

ਇਹ ਵੀ ਪੜ੍ਹੋ :  ਖੇਤੀ ਆਰਡੀਨੈਂਸ ‘ਤੇ ਮੰਤਰੀ ਰੰਧਾਵਾ ਦਾ ਵੱਡੇ ਬਾਦਲ ਨੂੰ ਲਿਖਤੀ ਮੇਹਣਾ

ਦੋ ਧੜਿਆਂ 'ਚ ਵੰਡਿਆ ਅਕਾਲੀ ਦਲ 
ਪੰਜਾਬ ਵਿਚ ਬਿੱਲਾਂ ਦੇ ਵਿਰੋਧ 'ਚ ਅਕਾਲੀ ਦਲ ਦੇ ਵੱਖ-ਵੱਖ ਨੇਤਾ ਹਰਸਿਮਰਤ ਦੇ ਅਸਤੀਫ਼ੇ ਨੂੰ ਲੈ ਕੇ ਦੋ ਧਿਰਾਂ ਵਿਚ ਵੰਡੇ ਗਏ ਸਨ। ਸੂਤਰਾਂ ਅਨੁਸਾਰ, ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਪਾਰਟੀ ਪ੍ਰਧਾਨ ਨੂੰ ਕਹਿ ਚੁੱਕੇ ਸਨ ਕਿ ਅਕਾਲੀ ਦਲ ਦਾ ਵਜੂਦ ਕਿਸਾਨਾਂ ਨੂੰ ਲੈ ਕੇ ਹੀ ਹੈ। ਇਸ ਲਈ ਜੇ ਕੇਂਦਰ ਗੱਲ ਨਹੀਂ ਮੰਨਦਾ ਹੈ ਤਾਂ ਹਰਸਿਮਰਤ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਥੇ ਹੀ ਬਸ ਨਹੀਂ ਹੁਣ ਜਦੋਂ ਹਰਸਿਮਰਤ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਤਾਂ ਅਜਿਹੇ ਵਿਚ ਅਕਾਲੀ ਦਲ ਦੇ ਜ਼ਿਆਦਾਤਰ ਨੇਤਾ ਹੁਣ ਗਠਜੋੜ 'ਤੇ ਵੀ ਫ਼ੈਸਲਾ ਲੈਣ ਲਈ ਦਬਾਅ ਬਣਾ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤਾਂ ਇਥੋਂ ਤਕ ਆਖ ਚੁੱਕੇ ਹਨ ਕਿ ਅਕਾਲੀ ਦਲ ਨੂੰ ਭਾਜਪਾ ਦੀ ਵੈਸਾਖੀ ਦੀ ਲੋੜ ਨਹੀਂ ਹੈ। 

ਇਹ ਵੀ ਪੜ੍ਹੋ :  ਰਾਸ਼ਟਰਪਤੀ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਕੀਤਾ ਮਨਜ਼ੂਰ

ਇਕ ਤੀਰ ਨਾਲ ਲਗਾਏ ਦੋ ਨਿਸ਼ਾਨੇ
ਬੇਸ਼ੱਕ ਅਕਾਲੀ ਦਲ ਨੂੰ ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰਨ 'ਤੇ ਕਾਫੀ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਅਕਾਲੀ ਦਲ ਨੇ ਹੁਣ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਤਾਂ ਅਕਾਲੀ ਦਲ ਆਪਣਾ ਕਿਸਾਨੀ ਵੋਟ ਬੈਂਕ ਬਹਾਲ ਕਰਨਾ ਚਾਹੁੰਦਾ ਹੈ ਅਤੇ ਦੂਜਾ ਉਹ ਭਾਜਪਾ ਨਾਲ ਰਲੇਵੇਂ ਦਾ ਲੱਗਣ ਵਾਲਾ ਠੱਪਾ ਵੀ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਆਸੀ ਮਾਹਿਰਾਂ ਮੁਤਾਬਕ ਅਕਾਲੀ ਦਲ ਅੰਦਰੂਨੀ ਤੌਰ 'ਤੇ ਇਹ ਵੀ ਜਾਣ ਚੁੱਕਾ ਹੈ ਕਿ ਬੀਤੇ ਸਮੇਂ ਤੋਂ ਭਾਜਪਾ ਨੇ ਉਸ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਦਕਿ ਕੁੱਝ ਬਾਗੀ ਲੀਡਰਾਂ ਦੇ ਰਾਹੀਂ ਉਲਟਾ ਅਕਾਲੀ ਦਲ ਨੂੰ ਸਿਆਸੀ ਢਾਹ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ। ਸੋ ਅਜਿਹੇ ਵਿਚ ਅਕਾਲੀ ਦਲ ਦੇ ਕੁੱਝ ਲੀਡਰਾਂ ਦਾ ਮੰਨਣਾ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਉਨ੍ਹਾਂ ਨੂੰ ਲਾਲ ਝੰਡਾ ਵਿਖਾ ਦੇਵੇ ਕਿਉਂ ਨਾ ਉਹ ਖੁਦ ਹੀ ਅਜਿਹਾ ਫ਼ੈਸਲਾ ਕਰਨ ਜਿਸ ਨਾਲ ਕਿਸਾਨੀ ਅਤੇ ਪੰਥਕ ਵੋਟ ਬੈਂਕ ਵਿਚ ਉਨ੍ਹਾਂ ਦੀ ਲਾਜ ਬਚ ਜਾਵੇ। 

ਇਹ ਵੀ ਪੜ੍ਹੋ :  ਜਗ ਬਾਣੀ ਦੀ ਖਬਰ 'ਤੇ ਮੋਹਰ, ਹਰਸਿਮਰਤ ਬਾਦਲ ਨੇ ਦਿੱਤਾ ਅਸਤੀਫਾ


 


author

Gurminder Singh

Content Editor

Related News