''84 ਕਤਲੇਆਮ ਸਬੰਧੀ ਟਾਈਟਲਰ-ਸੱਜਣ ਦੀ ਸਜ਼ਾ ਲਈ ਰਾਹ ਤਿਆਰ : ਹਰਸਿਮਰਤ

Friday, Nov 16, 2018 - 10:57 AM (IST)

''84 ਕਤਲੇਆਮ ਸਬੰਧੀ ਟਾਈਟਲਰ-ਸੱਜਣ ਦੀ ਸਜ਼ਾ ਲਈ ਰਾਹ ਤਿਆਰ : ਹਰਸਿਮਰਤ

ਚੰਡੀਗੜ੍ਹ (ਅਸ਼ਵਨੀ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਐੱਨ. ਡੀ. ਏ. ਸਰਕਾਰ ਦੁਆਰਾ ਗਠਿਤ ਐੱਸ. ਆਈ. ਟੀ. ਵਲੋਂ ਕੀਤੀ ਜਾਂਚ ਦੇ ਆਧਾਰ 'ਤੇ 1984 ਸਿੱਖ ਕਤਲੇਆਮ ਦੌਰਾਨ 2 ਸਿੱਖਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਹੋਈ ਸਜ਼ਾ ਨੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਵੀ ਅਜਿਹੀਆਂ ਸਜ਼ਾਵਾਂ ਦਿੱਤੇ ਜਾਣ ਵਾਸਤੇ ਰਾਹ ਤਿਆਰ ਕਰ ਦਿੱਤਾ ਹੈ ਅਤੇ ਕਾਂਗਰਸ ਵਲੋਂ ਸਿੱਖਾਂ 'ਤੇ ਢਾਹੇ ਗਏ ਅੱਤਿਆਚਾਰਾਂ ਦੇ ਅੰਤਿਮ ਨਿਬੇੜੇ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ।

1984 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦੱਖਣੀ ਦਿੱਲੀ 'ਚ ਪੈਂਦੇ ਪਿੰਡ ਮਹੀਪਾਲ 'ਚ 2 ਸਿੱਖਾਂ ਦਾ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ ਹੋਈ ਸਜ਼ਾ ਦਾ ਸੁਆਗਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਐੱਨ. ਡੀ. ਏ. ਸਰਕਾਰ ਦੁਆਰਾ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੀਤੀ ਸਖ਼ਤ ਕਾਰਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਜ਼ਾਵਾਂ ਉਨ੍ਹਾਂ ਸੈਂਕੜੇ ਸਿੱਖ ਪਰਿਵਾਰਾਂ ਲਈ ਆਸ ਦੀ ਕਿਰਨ ਹਨ, ਜਿਹੜੇ ਕਾਂਗਰਸੀ ਆਗੂਆਂ ਦੀ ਅਗਵਾਈ ਵਾਲੀਆਂ ਭੀੜਾਂ ਵਲੋਂ 34 ਸਾਲ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਦਿੱਲੀ ਦੀਆਂ ਸੜਕਾਂ 'ਤੇ ਕੀਤੇ ਕਤਲੇਆਮ ਤੋਂ ਇਲਾਵਾ ਉਨ੍ਹਾਂ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਲਾਈਆਂ ਅੱਗਾਂ ਦੇ ਕੇਸਾਂ 'ਚ ਅਜੇ ਤੱਕ ਇਨਸਾਫ ਦੀ ਉਡੀਕ ਕਰ ਰਹੇ ਹਨ।

ਇਨ੍ਹਾਂ ਸਜ਼ਾਵਾਂ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਸਮੇਂ-ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਕਤਲੇਆਮ ਦੇ ਸਬੂਤਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਰਾਹੀਂ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਰਹੀ ਹੈ ਪਰ 2014 'ਚ ਐੱਨ. ਡੀ. ਏ. ਸਰਕਾਰ ਵੱਲੋਂ ਸਿਟ ਦੇ ਗਠਨ ਮਗਰੋਂ ਦੋਸ਼ੀਆਂ ਨੂੰ ਆਪਣੇ ਗੁਨਾਹਾਂ ਦਾ ਸੇਕ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ। ਇਸ ਮੌਕੇ ਉਨ੍ਹਾਂ ਸਿੱਖਾਂ ਦੇ ਸਮੂਹਿਕ ਕਤਲੇਆਮ ਨਾਲ ਜੁੜੇ ਸਾਰੇ ਕੇਸਾਂ ਦੇ ਗਵਾਹਾਂ ਨੂੰ ਨਿਡਰ ਹੋ ਕੇ ਗਵਾਹੀ ਦੇਣ ਦੀ ਅਪੀਲ ਕੀਤੀ।


author

Babita

Content Editor

Related News