ਪੰਜਾਬ ਬਲਦੇ ਜਵਾਲਾਮੁਖੀ ਵਾਂਗ ਬਣਿਆ, ਗ੍ਰਹਿ ਯੁੱਧ ਕੰਢੇ 'ਤੇ : ਹਰਸਿਮਰਤ ਬਾਦਲ
Wednesday, Dec 21, 2022 - 12:19 PM (IST)
ਚੰਡੀਗੜ੍ਹ (ਅਸ਼ਵਨੀ) : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਤਸਕਰੀ ਦੇ ਨਾਲ-ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਅਤੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਖ਼ਰਾਬ ਹੋਣ ਕਾਰਨ ਪੰਜਾਬ ਬਲਦੇ ਜਵਾਲਾਮੁਖੀ ਵਾਂਗ ਬਣ ਗਿਆ ਹੈ ਅਤੇ ਗ੍ਰਹਿ ਯੁੱਧ ਕੰਢੇ ’ਤੇ ਹੈ। ਉਨ੍ਹਾਂ ਇਹ ਬਿਆਨ ਮੰਗਲਵਾਰ ਨੂੰ ਪੰਜਾਬ 'ਚ ਗੈਰ-ਕਾਨੂੰਨੀ ਨਸ਼ਿਆਂ ਦੇ ਵੱਧ ਰਹੇ ਖ਼ਤਰੇ ’ਤੇ ਨਿਯਮ 193 ਤਹਿਤ ਸੰਸਦ 'ਚ ਦਿੱਤਾ। ਹਰਸਿਮਰਤ ਨੇ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ 10 ਦਿਨ ਪਹਿਲਾਂ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਕੀਤਾ ਸੀ ਪਰ ਪਿਛਲੇ 9 ਮਹੀਨਿਆਂ ਤੋਂ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਅਤੇ ਕੌਮੀ ਸੁਰੱਖਿਆ ਲਈ ਖ਼ਤਰਾ ਬਣ ਰਿਹਾ ਹੈ।
ਹਥਿਆਰਾਂ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਵੀ ਤਸਕਰੀ ਹੋ ਰਹੀ ਹੈ, ਇਸ ਨਾਲ ਨਾਰਕੋ-ਅੱਤਵਾਦ ਨੂੰ ਹੁਲਾਰਾ ਮਿਲਿਆ ਹੈ ਅਤੇ ਪੰਜਾਬ ’ਚ ਪਹਿਲੀ ਵਾਰ ਆਰ. ਪੀ. ਜੀ. ਹਮਲੇ ਦੇਖੇ ਜਾ ਰਹੇ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਮੁੱਦੇ ’ਤੇ ਸੁਪਰੀਮ ਕੋਰਟ ਨੇ ‘ਆਪ’ ਸਰਕਾਰ ਨੂੰ ਡਰੱਗਜ਼ ਕੇਸਾਂ 'ਚ ਚਾਰਜਸ਼ੀਟ ਦਾਇਰ ਕਰਨ 'ਚ ਨਾਕਾਮ ਰਹਿਣ ’ਤੇ ਫਟਕਾਰ ਲਗਾਈ ਸੀ।
ਇਹ ਵੀ ਪੜ੍ਹੋ : ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀ ਧੀ ਨੂੰ ਮਿਲਿਆ 58 ਲੱਖ ਦਾ ਪੈਕਜ, ਨਾਈਜੀਰੀਆ 'ਚ ਕਰੇਗੀ ਨੌਕਰੀ
ਉਨ੍ਹਾਂ ਕਿਹਾ ਕਿ ਇਹ ਵੀ ਵੱਡੀ ਚਿੰਤਾ ਦੀ ਗੱਲ ਹੈ ਕਿ ਪੰਜਾਬ ਨਸ਼ਿਆਂ ਦੀ ਤਸਕਰੀ 'ਚ ਨੰਬਰ ਇਕ ’ਤੇ ਆ ਗਿਆ ਹੈ। ਇਹ ਸਭ ਮੁੱਖ ਮੰਤਰੀ ਭਗਵੰਤ ਮਾਨ ਦੇ ਸਥਿਤੀ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਨਾਕਾਮ ਰਹਿਣ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਨਸ਼ੇ ਨੂੰ ਰੋਕਣ ਦੀ ਬਜਾਏ ਇਸ ਖ਼ਤਰੇ ਨੂੰ ਫੈਲਾਉਣ ਵੱਲ ਧਿਆਨ ਦਿੱਤਾ ਹੈ ਅਤੇ ਨਕਲੀ ਸ਼ਰਾਬ ਅਤੇ ਗੈਰ-ਕਾਨੂੰਨੀ ਡਿਸਟਿਲਰੀਆਂ ਦੇ ਪ੍ਰਸਾਰ ਵੱਲੋਂ ਵੀ ਅੱਖਾਂ ਬੰਦ ਕਰ ਲਈਆਂ, ਜਿਨ੍ਹਾਂ ਨੇ 100 ਤੋਂ ਵੱਧ ਲੋਕਾਂ ਦੀ ਜਾਨਾਂ ਲੈ ਲਈਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ