ਹਰਸਿਮਰਤ ਦਾ ਐਲਾਨ ਅਨੰਦਪੁਰ ਵਾਂਗ ਸੁਲਤਾਨਪੁਰ ਲੋਧੀ ਵੀ ਬਣੇਗੀ ਵ੍ਹਾਈਟ ਸਿਟੀ

Saturday, Aug 17, 2019 - 05:51 PM (IST)

ਹਰਸਿਮਰਤ ਦਾ ਐਲਾਨ ਅਨੰਦਪੁਰ ਵਾਂਗ ਸੁਲਤਾਨਪੁਰ ਲੋਧੀ ਵੀ ਬਣੇਗੀ ਵ੍ਹਾਈਟ ਸਿਟੀ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਸੁਲਤਾਨਪੁਰ ਲੋਧੀ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਨੂੰ ਵ੍ਹਾਈਟ ਸਿਟੀ ਬਣਾਇਆ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਵਾਂਗ ਸੁਲਤਾਨਪੁਰ ਲੋਧੀ 'ਚ ਵੀ ਚਿੱਟਾ ਪੇਂਟ ਕਰਵਾ ਕੇ ਸਜਾਇਆ ਜਾਵੇਗਾ। 

ਇਸ ਸਮੇਂ ਉਨ੍ਹਾਂ ਨਾਲ ਦਿੱਲੀ ਸਿੱਖ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਹੋਰ ਸੀਨੀਅਰ ਅਕਾਲੀ ਆਗੂ ਵੀ ਨਾਲ ਸਨ, ਜਿਨ੍ਹਾਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿਰੋਪਾਓ ਦੇ ਕੇ ਕੀਤਾ। ਇਸ ਸਮੇਂ ਹਰਸਿਮਰਤ ਕੌਰ ਬਾਦਲ ਨੇ ਗੁਰਦੁਆਰਾ ਬੇਰ ਸਾਹਿਬ ਦੇ ਲੰਗਰ ਹਾਲ ਚ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਜਿਸ ਲਈ ਸੁਲਤਾਨਪੁਰ ਲੋਧੀ ਨੂੰ ਵੀ ਸ੍ਰੀ ਅਨੰਦਪੁਰ ਸਾਹਿਬ ਵਾਂਗ ਚਿੱਟਾ ਪੇਂਟ ਕਰਵਾ ਕੇ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸੰਗਤਾਂ ਦਾ ਸਹਿਯੋਗ ਲਿਆ ਜਾਵੇਗਾ । 
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਬਹੁਤ ਜੰਗੀ ਪੱਧਰ ਨਾਲ ਬਣਾਇਆ ਜਾ ਰਿਹਾ ਸੀ ਅਤੇ ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਚਲਦੇ ਕੰਮ ਨੂੰ ਰੋਕਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਹਰ ਹਾਲਤ 'ਚ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਮਾਰਗ ਮੁਕੰਮਲ ਕਰਕੇ ਸੰਗਤਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ । 

ਸੁਲਤਾਨਪੁਰ ਲੋਧੀ ਰੇਲਵੇ ਸ਼ਟੇਸ਼ਨ ਦੇ ਸੁੰਦਰੀਕਰਨ ਦੇ ਚਲਦੇ ਕਾਰਜਾਂ ਬਾਰੇ ਹਰਸਿਮਰਤ ਬਾਦਲ ਨੇ ਦੱਸਿਆ ਕਿ 40 ਕਰੋੜ ਦੀ ਲਾਗਤ ਨਾਲ ਇਹ ਕਾਰਜ 26 ਅਕਤੂਬਰ ਤੱਕ ਮੁਕੰਮਲ ਕੀਤਾ ਜਾਵੇਗਾ। ਇਸ ਸਮੇਂ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ, ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੈਂਬਰ ਸ਼੍ਰੋਮਣੀ ਕਮੇਟੀ ਜਥੇ ਸ਼ਿੰਗਾਰਾ ਸਿੰਘ ਲੋਹੀਆਂ, ਜਥੇ ਸਰਵਣ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ ਜਰਨੈਲ ਸਿੰਘ ਡੋਗਰਾਵਾਲ, ਮਹਿੰਦਰ ਸਿੰਘ ਆਹਲੀ ਸਕੱਤਰ, ਇੰਜੀਨੀਅਰ ਸਵਰਨ ਸਿੰਘ, ਮੈਨੇਜਰ ਗੁਰਦੁਆਰਾ ਬੇਰ ਸਾਹਿਬ ਸਤਨਾਮ ਸਿੰਘ ਰਿਆੜ, ਚੇਅਰਮੈਨ ਗੁਰਜੰਟ ਸਿੰਘ ਸੰਧੂ, ਹਰਜੀਤ ਸਿੰਘ ਵਾਲੀਆ, ਜਥੇ ਗੁਰਦਿਆਲ ਸਿੰਘ ਖਾਲਸਾ, ਸੁਖਦੇਵ ਸਿੰਘ ਨਾਨਕਪੁਰ, ਬਲਜੀਤ ਕੌਰ ਕਮਾਲਪੁਰ ਆਦਿ ਨੇ ਸ਼ਿਰਕਤ ਕੀਤੀ ।


author

shivani attri

Content Editor

Related News