ਹਰਸਿਮਰਤ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਪ੍ਰਧਾਨ ਨੇ ਵਿਖਾਇਆ ਕਾਲਾ ਝੰਡਾ
Wednesday, May 08, 2019 - 03:32 PM (IST)

ਨਥਾਣਾ (ਬੱਜੋਆਣੀਆਂ) : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਥਾਣਾ ਵਿਖੇ ਚੋਣ ਦਫਤਰ ਦਾ ਉਦਘਾਟਨ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ। ਨਥਾਣਾ ਬਲਾਕ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ 'ਚ ਦਫਤਰ ਦੇ ਉਦਘਾਟਨ ਸਮੇਂ ਭਾਰੀ ਉੇਤਸਾਹ ਪਾਇਆ ਗਿਆ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚੋਂ ਵਰਕਰ ਪਹੁੰਚੇ ਹੋਏ ਸਨ ਪਰ ਮਜੀਠੀਆ ਕਾਫੀ ਦੇਰ ਨਾਲ ਪਹੁੰਚੇ ਤੇ ਉਨ੍ਹਾਂ ਸਿਰਫ ਦਫਤਰ ਅੱਗੇ ਲੱਗੇ ਰੀਬਨ ਨੂੰ ਕੱਟ ਕੇ ਉਦਘਾਟਨ ਦੀ ਰਸਮ ਕਰਦਿਆਂ ਹੀ ਚਲਦੇ ਬਣੇ। ਇਸ ਮੌਕੇ ਹਾਜ਼ਰ ਯੂਥ ਵਰਕਰਾਂ ਵਲੋਂ ਬਿਕਰਮਜੀਤ ਸਿੰਘ ਮਜੀਠੀਆ ਨਾਲ ਸੈਲਫੀਆਂ ਲੈਣ ਦੀ ਹੋੜ ਲੱਗੀ ਰਹੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਸਰਕਲ ਬਲਾਕ ਪ੍ਰਧਾਨ ਜਥੇਦਾਰ ਲਾਭ ਸਿੰਘ ਨੇ ਦਫਤਰੀ ਉਦਘਾਟਨ ਨੇੜੇ ਚੌਕ 'ਚ ਕਾਲਾ ਝੰਡਾ ਲਹਿਰਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ 'ਚ ਅਕਾਲੀ ਦਲ ਬਾਦਲ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਨਥਾਣਾ ਦੀ ਮਾਰਕੀਟ 'ਚ ਸਾਈਕਲ 'ਤੇ ਕਾਲਾ ਝੰਡਾ ਲਾ ਕੇ ਆਪਣਾ ਰੋਸ ਜ਼ਾਹਰ ਕੀਤਾ ਤਾਂ ਥਾਣਾ ਨਥਾਣਾ ਦੀ ਪੁਲਸ ਨੇ ਰੋਸ ਜ਼ਾਹਰ ਕਰ ਰਹੇ ਜਥੇਦਾਰ ਲਾਭ ਸਿੰਘ ਦੀ ਕੁੱਟ-ਮਾਰ ਕਰਦਿਆਂ ਥਾਣੇ ਲੈ ਗਈ।