''84 ਸਿੱਖ ਵਿਰੋਧੀ ਦੰਗਿਆਂ ''ਤੇ ਹਰਸਿਮਰਤ ਬਾਦਲ ਨੇ ਘੇਰੀ ਕਾਂਗਰਸ

Thursday, Feb 07, 2019 - 05:57 PM (IST)

ਨਵੀਂ ਦਿੱਲੀ— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਵੀਰਵਾਰ ਨੂੰ ਲੋਕ ਸਭਾ 'ਚ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ। ਰਾਸ਼ਟਰਪਤੀ ਦੇ ਭਾਸ਼ਣ 'ਤੇ ਸਦਨ ਵਿਚ ਧੰਨਵਾਦ ਪ੍ਰਸਤਾਵ 'ਤੇ ਜਾਰੀ ਚਰਚਾ ਦੌਰਾਨ ਬੀਬੀ ਬਾਦਲ ਨੇ ਕਿਹਾ ਕਿ ਅੱਜ ਕਾਂਗਰਸ ਘੱਟ ਗਿਣਤੀ ਦੇ ਹਿੱਤ ਦੀ ਗੱਲ ਕਰਦੀ ਹੈ ਪਰ ਅਸਲ ਵਿਚ ਇਕ ਸਮੇਂ ਕਾਂਗਰਸ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਅੱਗੇ ਆਖਿਆ ਕਿ ਸਾਡੇ ਧਾਰਮਿਕ ਥਾਵਾਂ 'ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲੇ ਕੀਤੇ ਗਏ। ਸਿੱਖ ਭਾਈਚਾਰੇ ਨੂੰ ਤਬਾਹ ਕਰਨ ਲਈ ਉਨ੍ਹਾਂ ਦੇ ਕਤਲੇਆਮ ਦੀ ਖੁੱਲ੍ਹੀ ਛੂਟ ਦੇ ਦਿੱਤੀ ਗਈ ਅਤੇ ਹੁਣ ਕਾਂਗਰਸ ਕਾਤਲਾਂ ਨੂੰ ਬਚਾਉਣ 'ਚ ਜੁੱਟੀ ਹੋਈ ਹੈ।'' ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿਚ 1984 ਦੇ ਦੰਗਿਆਂ ਦੇ ਇਕ ਮਾਮਲੇ ਵਿਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਹੋਈ, ਜਦਕਿ ਕਾਂਗਰਸ ਨੇ ਉਲਟਾ ਦੰਗਿਆਂ ਦੇ ਇਕ ਹੋਰ ਦੋਸ਼ੀ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ।

ਕਿਸਾਨਾਂ ਦੀ ਕਰਜ਼ ਮੁਆਫ਼ੀ ਨੂੰ ਕਾਂਗਰਸ ਦਾ ਝੂਠ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਪਾਰਟੀ ਦੀ ਸਰਕਾਰ ਬਣੇ ਡੇਢ ਸਾਲ ਹੋ ਗਏ ਪਰ ਉੱਥੇ ਕਿਸਾਨਾਂ ਦਾ ਕਰਜ਼ ਹੁਣ ਤਕ ਮੁਆਫ਼ ਨਹੀਂ ਹੋਇਆ ਹੈ। ਸੂਬਿਆਂ ਵਿਚ ਦੋ ਸਾਲ 'ਚ 700 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸਰਕਾਰ ਨੇ ਹਰ ਕਿਸਾਨ ਦੀ ਖੁਦਕੁਸ਼ੀ 'ਤੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੂੰ ਨਾ ਤਾਂ ਮੁਆਵਜ਼ਾ ਮਿਲਿਆ, ਨਾ ਹੀ ਨੌਕਰੀ। ਹਰਸਿਮਰਤ ਬਾਦਲ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਵੀ ਕਾਂਗਰਸ ਨੇ ਕਿਸਾਨਾਂ ਦਾ ਕਰਜ਼ ਮੁਆਫ਼ ਦਾ ਵਾਅਦਾ ਕੀਤਾ ਸੀ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਸਰਕਾਰ ਬਣੇ ਦੋ ਮਹੀਨੇ ਹੋ ਗਏ ਹਨ ਅਤੇ ਹੁਣ ਤਕ ਕਿਸੇ ਦਾ ਕਰਜ਼ ਮੁਆਫ਼ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ 10 ਕਰੋੜ ਪਰਿਵਾਰਾਂ ਲਈ 5 ਲੱਖ ਰੁਪਏ ਸਾਲਾਨਾ ਤਕ ਦੇ ਮੁਫਤ ਇਲਾਜ ਵਾਲੀ ਆਯੁਸ਼ਮਾਨ ਯੋਜਨਾ ਲਈ ਮੋਦੀ ਸਰਕਾਰ ਦੀ ਤਾਰੀਫ ਕੀਤੀ ਅਤੇ ਇਸ ਨੂੰ ਲਾਗੂ ਨਾ ਕਰਨ ਲਈ ਪੰਜਾਬ ਸਰਕਾਰ ਦੀ ਖਿਚਾਈ ਕੀਤੀ।


Tanu

Content Editor

Related News