ਕੈਪਟਨ ਸਾਹਿਬ, ਅਸਤੀਫ਼ਾ ਦੇਣ ਦਾ ਡਰਾਮਾ ਕਿਉਂ ਨਹੀਂ ਕੀਤਾ ਅਜੇ ਤੱਕ : ਹਰਸਿਮਰਤ

4/5/2021 6:37:32 PM

ਬਠਿੰਡਾ (ਬਲਵਿੰਦਰ)- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਅਕਾਲੀ ਦਲ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਮੰਤਰੀ ਅਹੁਦੇ ਨੂੰ ਠੋਕਰ ਮਾਰ ਦਿੱਤੀ ਤਾਂ ਕਿ ਕਿਸਾਨਾਂ ਦੇ ਹੱਕ ’ਚ ਡਟਿਆ ਜਾ ਸਕੇ। ਪ੍ਰੰਤੂ ਕਾਂਗਰਸ ਤੇ ‘ਆਪ੍’ ਉਨ੍ਹਾਂ ਦੇ ਅਸਤੀਫ਼ੇ ਨੂੰ ਡਰਾਮਾ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ, ਚਲੋ ਮੰਨਿਆ ਕਿ ਮੈਂ ਕਿਸਾਨਾਂ ਦੇ ਹੱਕ ’ਚ ਮੰਤਰੀ ਅਹੁਦਾ ਛੱਡ ਕੇ ਡਰਾਮਾ ਕੀਤਾ ਪਰ ਤੁਸੀਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਡਰਾਮਾ ਕਿਉਂ ਨਹੀਂ ਕੀਤਾ ਹਾਲੇ ਤੱਕ? ਬੀਬੀ ਬਾਦਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਕੈਪਟਨ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਨੱਚ ਰਿਹਾ ਹੈ। ਜੇਕਰ ਇਨ੍ਹਾਂ ਨੂੰ ਕਿਸਾਨਾਂ ਪ੍ਰਤੀ ਰੱਤੀ ਭਰ ਵੀ ਦਰਦ ਹੁੰਦਾ ਤਾਂ ਮੁੱਖ ਮੰਤਰੀ ਸਣੇ ਸਾਰੇ ਮੰਤਰੀ ਤੇ ਵਿਧਾਇਕ ਅਸਤੀਫ਼ਾ ਦੇ ਕੇ ਭਾਜਪਾ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਦੇ ਪ੍ਰੰਤੂ ਇਨ੍ਹਾਂ ਨੂੰ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਕੰਮ ਮਿਲਿਆ ਹੈ, ਜੋ ਉਹ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ 26 ਜਨਵਰੀ ਨੂੰ ਜ਼ਿਲ੍ਹਾ ਬਠਿੰਡਾ ਦਾ ਇਕ ਗੁੰਡਾ ਤੇ ਇਕ ਫਿਲਮੀ ਹੀਰੋ ਕੁਝ ਨੌਜਵਾਨਾਂ ਨੂੰ ਤੈਅ ਪ੍ਰੋਗਰਾਮ ਦੇ ਉਲਟ ਵਰਗਲਾ ਕੇ ਲਾਲ ਕਿਲੇ ’ਤੇ ਲੈ ਗਿਆ ਤਾਂ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਇਨ੍ਹਾਂ ਪਿੱਛੇ ਭਾਜਪਾ ਤੇ ਕਾਂਗਰਸ ਖੜ੍ਹੀ ਹੈ, ਜੋ ਕਿ ਜਗ-ਜ਼ਾਹਰ ਹੋ ਚੁੱਕਾ ਹੈ। ਜੇਕਰ ਅਜਿਹਾ ਨਹੀਂ ਸੀ ਤਾਂ ਹੁਣ ਤੱਕ ਇਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਅਗਲੇ 4 ਦਿਨਾਂ ਦੌਰਾਨ ਬਦਲੇਗਾ ਪੰਜਾਬ ਦਾ ਮੌਸਮ

ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਤਾਂ ਕਿਸਾਨਾਂ ਨੂੰ ਦਿੱਲੀ ਵੀ ਨਾ ਜਾਣਾ ਪੈਂਦਾ, ਸਗੋਂ ਖੁਦ ਸਰਕਾਰ ’ਤੇ ਜ਼ੋਰ ਪਾ ਕੇ ਕਾਲੇ ਕਾਨੂੰਨ ਵਾਪਸ ਕਰਵਾਉਂਦੇ। ਜੇਕਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਉਹ ਕਦੇ ਵੀ ਇੰਝ ਨਾ ਹੋਣ ਦਿੰਦੇ। ਨਾ ਸਿਰਫ ਕਾਨੂੰਨ ਵਾਪਸ ਕਰਵਾਉਂਦੇ, ਬਲਕਿ ਕਿਸਾਨ ਅੰਦੋਲਨ ’ਚ ਹੋਣ ਵਾਲੇ 300 ਕਿਸਾਨਾਂ ਦੇ ਨੁਕਸਾਨ ਤੋਂ ਵੀ ਬਚਾਅ ਹੋ ਜਾਂਦਾ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਤੇ ‘ਆਪ’ ਨਾਲ ਹੀ ਲੜਣਾ ਪੈਂਦਾ ਸੀ ਪਰ ਅਗਾਮੀ ਚੋਣਾਂ ’ਚ ਭਾਜਪਾ ਵੀ ਇਨ੍ਹਾਂ ਦੀ ਕੈਟਾਗਿਰੀ ’ਚ ਆ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਇਮਾਰਤ ਹਾਦਸਾ, ਹੁਣ ਤਕ 3 ਦੀ ਮੌਤ, 37 ਮਜ਼ਦੂਰਾਂ ਨੂੰ ਕੱਢਿਆ ਗਿਆ ਬਾਹਰ (ਤਸਵੀਰਾਂ)

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਲੇ ਖਾਤਰ ਹੁਣ ਤੋਂ ਹੀ ਸਖ਼ਤ ਹੋ ਜਾਵੋ ਤੇ ਕਾਂਗਰਸ ਨੂੰ ਪੁੱਛਣਾ ਸ਼ੁਰੂ ਕਰ ਦਿਓ ਕਿ ਸਰਕਾਰ ਬਣਾਉਣ ਸਮੇਂ ਜੋ ਵਾਅਦੇ ਕੀਤੇ ਸੀ, ਉਹ ਪੂਰੇ ਕਿਉਂ ਨਹੀਂ ਕੀਤੇ। ਅੱਜ ਦੇ ਧਰਨੇ ਦੀ ਅਗਵਾਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਕਰ ਰਹੇ ਸਨ। ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਚਮਕੌਰ ਸਿੰਘ ਮਾਨ, ਬਲਕਾਰ ਸਿੰਘ ਬਰਾੜ ਪ੍ਰਧਾਨ ਜ਼ਿਲ੍ਹਾ ਬਠਿੰਡਾ ਤੇ ਹੋਰ ਆਗੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਐਲਾਨ


Gurminder Singh

Content Editor Gurminder Singh