ਹਰਸਿਮਰਤ ਬਾਦਲ ਨੇ CM ਚੰਨੀ ਤੇ ਕੇਜਰੀਵਾਲ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ-ਦੋਵੇਂ ਐਲਾਨਾਂ ਤਕ ਹਨ ਸੀਮਤ
Thursday, Dec 16, 2021 - 10:34 PM (IST)
ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਵਿੰਨ੍ਹੇ। ਇਸ ਦੌਰਾਨ ਬੀਬਾ ਬਾਦਲ ਨੇ ਮੁੱਖ ਮੰਤਰੀ ਚੰਨੀ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ, ‘‘ਲੋਕਾਂ ਨੇ ਉਨ੍ਹਾਂ ਦਾ ਨਾਂ ਹੁਣ ਐਲਾਨਜੀਤ ਸਿੰਘ ਚਵੰਨੀ ਰੱਖ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਖਬਾਰਾਂ ’ਚ ਫੁੱਲ ਪੇਜ ਇਸ਼ਤਿਹਾਰ ਤੇ ਸੜਕਾਂ ’ਤੇ ਹੋਰਡਿੰਗ ਬੋਰਡ ਲਗਵਾ ਕੇ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ ਪਰ ਇਹ ਸਿਰਫ ਐਲਾਨਾਂ ਤਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਮੁਆਵਜ਼ਾ ਦੇਣ ਦੇ ਵੱਡੇ-ਵੱਡੇ ਬੋਰਡ ਤਾਂ ਲਗਾਏ ਗਏ ਹਨ ਪਰ ਹਾਲੇ ਤੱਕ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੀ ਬੋਰਡ ਲਾਏ ਗਏ ਹਨ ਪਰ ਕਿਸੇ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 36000 ਕੱਚੇ ਮੁਲਾਜ਼ਮਾਂ ’ਚੋਂ ਇਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ। ਬੀਬਾ ਬਾਦਲ ਨੇ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਸਸਤੀ ਰੇਤਾ ਨੂੰ ਲੈ ਕੇ ਕਿਹਾ ਕਿ ਉਹ ਕੁਝ ਕਹਿ ਰਹੇ ਹਨ ਤੇ ਕਾਂਗਰਸ ਪ੍ਰਧਾਨ ਹੋਰ ਬਿਆਨਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕੀਤਾ ਟਵੀਟ, ਪੰਜਾਬ ਮਾਡਲ ਤੇ MSP ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਤਾਂ ਕਾਂਗਰਸ ਪਾਰਟੀ ਨੇ ਹੀ ਨਕਾਰ ਦਿੱਤਾ ਹੈ ਤੇ ਕੰਪੇਨ ਕਮੇਟੀ ਦਾ ਚੇਅਰਮੈਨ ਨਵਜੋਤ ਸਿੱਧੂ ਨੂੰ ਲਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਤੇ ਆਪ ’ਤੇ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਤਾਂ ਅਜੇ ਤਕ ਆਪਣਾ ਮੁੱਖ ਮੰਤਰੀ ਉਮੀਦਵਾਰ ਵੀ ਨਹੀਂ ਐਲਾਨਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਦਾ ਪਤਾ ਹੈ ਕਿ ਅਮਨ-ਸ਼ਾਂਤੀ ਇਨ੍ਹਾਂ ਨੇ ਹੀ ਲੈ ਕੇ ਆਉਣੀ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ’ਚ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਤੇ 70 ਸਾਲ ਦੇਸ਼ ਦਾ ਬੇੜਾ ਬਿਠਾਇਆ, ਹੁਣ ਪੰਜਾਬ ਦੇ ਲੋਕ ਵੀ ਇਸ ਤੋਂ ਦੁਖੀ ਹੋ ਗਏ ਹਨ ਤੇ ਇਸ ਨੂੰ ਪੂਰੀ ਤਰ੍ਹਾਂ ਨਕਾਰਨਗੇ। ਉਨ੍ਹਾਂ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਸਾਫ-ਸੁਥਰੀ ਹਵਾ ’ਚ ਸਾਹ ਲੈਣ ਲਈ ਪੰਜਾਬ ਵਿਚ ਆਉਂਦਾ ਹੈ ਕਿਉਂਕਿ ਦਿੱਲੀ ’ਚ ਇਨ੍ਹਾਂ ਦਾ ਸਾਹ ਘੁੱਟਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਹੱਕ ਹਕੂਮਤਾਂ ਨੇ ਖੋਹਿਆ ਹੈ ਜਿਵੇਂ ਕਿ ਸਾਡਾ ਪਾਣੀ, ਰਾਜਧਾਨੀ ਤੇ ਪੰਜਾਬੀ ਬੋਲਦੇ ਸੂਬੇ ਖੋਹ ਲਏ ਗਏ। ਉਨ੍ਹਾਂ ਕਿਹਾ ਕਿ ਇਹ ਬੰਦਾ ਪੰਜਾਬ ਦਾ ਕੀ ਭਲਾ ਕਰੇਗਾ, ਜਦਕਿ ਇਸ ਨੇ ਪਾਣੀ ਨੂੰ ਲੈ ਕੇ ਹਲਫਨਾਮਾ ਪਾਇਆ ਹੋਇਆ ਕਿ ਦਿੱਲੀ ਨੂੰ ਵੀ ਪਾਣੀ ਦਿੱਤਾ ਜਾਵੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਪੰਜਾਬ ਦਾ ਵਫਾਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪੰਜਾਬ ਦੀ ਪਾਰਟੀ ਹੈ ਤੇ ਸਾਰੇ ਜਾਣਦੇ ਹਨ ਕਿ ਇਹ ਹੀ ਇਕੋ-ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ।
ਇਹ ਵੀ ਪੜ੍ਹੋ : ਮੀਤ ਹੇਅਰ ਦਾ ਰਾਜਾ ਵੜਿੰਗ 'ਤੇ ਵੱਡਾ ਹਮਲਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਸਰਕਾਰੀ ਬੱਸਾਂ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ