ਹਰਸਿਮਰਤ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਅਪੀਲ, ਕਿਹਾ-ਨਰਮੇ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਦੇਣ ਹੁਕਮ

Wednesday, Sep 22, 2021 - 06:56 PM (IST)

ਹਰਸਿਮਰਤ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਅਪੀਲ, ਕਿਹਾ-ਨਰਮੇ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਦੇਣ ਹੁਕਮ

ਬਠਿੰਡਾ (ਬਿਊਰੋ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਤਲਵੰਡੀ ਸਾਬੋ ਬਲਾਕ ’ਚ ਗੁਲਾਬੀ ਸੁੰਡੀ ਦੇ ਗੰਭੀਰ ਹਮਲੇ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ ਦੇਣ। ਇਥੇ ਜਾਰੀ ਕੀਤੇ ਇਕ ਬਿਆਨ ’ਚ  ਹਰਸਿਮਰਤ ਬਾਦਲ ਨੇ ਕਿਹਾ ਕਿ ਸ਼ੇਖੂ, ਮੀਰਜੀਆਣਾ, ਜੱਜਾਲ, ਨੱਥੇਹਾ ਤੇ ਮਲਕਾਣਾ ਪਿੰਡ ਦੇ ਸੈਂਕੜੇ ਕਿਸਾਨਾਂ ਨੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ’ਚ ਨਾਕਾਮ ਰਹਿਣ ’ਤੇ ਆਪਣੀ ਫਸਲ ਵਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸੂਬੇ ਦੇ ਖੇਤੀਬਾੜੀ ਵਿਭਾਗ ਦੀ ਸਿਫਾਰਿਸ਼ ਅਨੁਸਾਰ ਕੀਟਨਾਸ਼ਕ ਛਿੜਕੇ ਪਰ ਇਸ ਦਾ ਕੋਈ ਅਸਰ ਨਹੀਂ ਪਿਆ ਤੇ ਉਨ੍ਹਾਂ ਨੂੰ ਆਪਣੀ ਖੜ੍ਹੀ ਫਸਲ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ : ਰੁਲਦਾ ਸਿੰਘ ਕਤਲ ਕੇਸ : 3 ਬਰਤਾਨਵੀ ਸਿੱਖ ਨੌਜਵਾਨਾਂ ਨੂੰ ਮਿਲੀ ਵੱਡੀ ਰਾਹਤ, CPS ਨੇ ਰੱਦ ਕੀਤਾ ਕੇਸ

ਬਾਦਲ ਨੇ ਕਿਹਾ ਕਿ ਪਹਿਲਾਂ ਸਮੁੱਚੀ ਤਲਵੰਡੀ ਸਾਬੋ ਪੱਟੀ ਤੇ ਨਾਲ ਲੱਗਦੇ ਗੁਆਂਢੀ ਇਲਾਕਿਆਂ ’ਚ ਮਾੜੇ ਮੌਸਮ ਕਾਰਨ ਨਰਮੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਤੇ ਹੁਣ ਕਈ ਪਿੰਡਾਂ ’ਚ ਖੜ੍ਹੀ ਫਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਸੁੰਡੀ ਦੇ ਹਮਲੇ ਦਾ ਟਾਕਰਾ ਕਰਨ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਕੀਟਨਾਸ਼ਕਾਂ ’ਤੇ ਖਰਚਣ ਦੇ ਬਾਵਜੂਦ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਨਰਮਾ ਕਿਸਾਨਾਂ ਦੀ ਹਾਲਾਤ ਬਾਰੇ ਮੀਡੀਆ ’ਚ ਵੱਡੀ ਪੱਧਰ ’ਤੇ ਕਵਰੇਜ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਨਾ ਤਾਂ ਗਿਰਦਾਵਰੀ ਦੇ ਹੁਕਮ ਦਿੱਤੇ ਹਨ ਅਤੇ ਨਾ ਹੀ ਪ੍ਰਭਾਵਿਤ ਕਿਸਾਨਾਂ ਨੁੰ ਕੋਈ ਰਾਹਤ ਦਿੱਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਗਿਰਦਾਵਰੀ ਦੇ ਹੁਕਮ ਦੇਣ ਦੇ ਨਾਲ-ਨਾਲ ਪ੍ਰਭਾਵਿਤ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਅੰਤ੍ਰਿਮ ਰਾਹਤ ਵਜੋਂ ਜਾਰੀ ਕਰਨ ਦੇ ਹੁਕਮ ਦੇਣ।


author

Manoj

Content Editor

Related News