ਹਰਸਿਮਰਤ ਬਾਦਲ ਨੇ ਸਿਹਤ ਮੰਤਰੀ ਭਾਰਤੀ ਪਵਾਰ ਨੂੰ ਏਮਜ਼ ਬਠਿੰਡਾ ਨੂੰ ਲੈ ਕੇ ਕੀਤੀ ਇਹ ਅਪੀਲ

03/29/2022 7:20:39 PM

ਚੰਡੀਗੜ੍ਹ (ਬਿਊਰੋ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਮੰਤਰੀ ਡਾ. ਭਾਰਤੀ ਪਵਾਰ ਨੂੰ ਬੇਨਤੀ ਕੀਤੀ ਕਿ ਉਹ ਏਮਜ਼ ਬਠਿੰਡਾ ਵਿਖੇ ਟਰੋਮਾ ਸੈਂਟਰ ’ਚ ਸਹੂਲਤਾਂ ਵਧਾ ਕੇ 300 ਬੈੱਡਾਂ ਤੱਕ ਕਰਨ ਲਈ ਲੋੜੀਂਦੇ ਫੰਡ ਜਾਰੀ ਕਰਨ ਲਈ ਪ੍ਰਵਾਨਗੀ ਦੇਣ। ਬਾਦਲ ਨੇ ਕੇਂਦਰੀ ਸਿਹਤ ਮੰਤਰੀ ਪਵਾਰ ਨੂੰ ਦੱਸਿਆ ਕਿ ਏਮਜ਼ ਬਠਿੰਡਾ ਵਿਖੇ ਐਮਰਜੈਂਸੀ ਬਲਾਕ ਸਿਰਫ 30 ਐਮਰਜੈਂਸੀ ਮਾਮਲਿਆਂ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਹੋਰ ਸਾਰੀਆਂ ਏਮਜ਼ ਸੰਸਥਾਵਾਂ ਵਿਖੇ ਪਹਿਲੇ ਫੇਜ਼ ’ਚ ਹੀ ਟਰੋਮਾ ਤੇ ਐਮਰਜੈਂਸੀ ਕੇਸਾਂ ਲਈ 200 ਤੋਂ 300 ਬੈੱਡਾਂ ਦੀ ਵਿਵਸਥਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਪਹੁੰਚੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਕਰਜ਼ਾ ਮੁਕਤ ਕਰਾਂਗੇ ਯੂਨੀਵਰਸਿਟੀ

ਉਨ੍ਹਾਂ ਕਿਹਾ ਕਿ ਕਿਉਂਕਿ ਮਾਲਵਾ ਖਿੱਤੇ ’ਚ ਹੋਰ ਕੋਈ ਪ੍ਰਮੁੱਖ ਟਰੋਮਾ ਸੈਂਟਰ ਨਹੀਂ ਹੈ, ਇਸ ਲਈ ਏਮਜ਼ ਟਰੋਮਾ ਸੈਂਟਰ ਨੂੰ ਅਪ੍ਰਗੇਡ ਕਰ ਕੇ 300 ਐਮਰਜੈਂਸੀ ਮਾਮਲਿਆਂ ਨਾਲ ਨਜਿੱਠਣ ਦੇ ਸਮਰੱਥ ਬਣਾਉਣਾ ਚਾਹੀਦਾ ਹੈ। ਇਸ ’ਚ ਟਰੋਮਾ ਤੇ ਐਮਰਜੈਂਸੀ ਬਲਾਕ ਹੋਣਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਨਵੇਂ ਨਿਯਮਾਂ ਦੇ ਮੁਤਾਬਕ ਇਹ ਲਾਜ਼ਮੀ ਹੈ ਕਿ ਹਰ ਮੈਡੀਕਲ ਸੰਸਥਾ ’ਚ ਇਕ ਐਮਰਜੈਂਸੀ ਮੈਡੀਸਨ ਵਿਭਾਗ ਅਤੇ ਇਕ ਸਕਿੱਲ ਲੈਬਾਰਟਰੀ ਹੋਵੇ। ਉਨ੍ਹਾਂ ਕਿਹਾ ਕਿ ਦੋਵੇਂ ਵਿਵਸਥਾਵਾਂ ਵਾਸਤੇ ਫੰਡਾਂ ਤੋਂ ਇਲਾਵਾ ਲੋੜੀਂਦਾ ਸਾਜ਼ੋ-ਸਾਮਾਨ ਤੇ ਸੁਪਰਸਪੈਸ਼ਲਿਟੀ ਪੋਸਟਾਂ ਵੀ ਇਸ ਸੰਸਥਾ ਲਈ ਪ੍ਰਵਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਬਹਿਬਲ ਕਲਾਂ ਪਹੁੰਚੇ ਨਵਜੋਤ ਸਿੰਘ ਸਿੱਧੂ, ਕਿਹਾ-‘ਇੰਤਹਾ ਹੋ ਗਈ ਇੰਤਜ਼ਾਰ ਕੀ’

ਸੰਸਦ ਮੈਂਬਰ ਬਾਦਲ ਨੇ ਕੇਂਦਰੀ ਮੰਤਰੀ ਦੇ ਇਹ ਵੀ ਧਿਆਨ ’ਚ ਲਿਆਂਦਾ ਕਿ ਸਾਰੇ ਏਮਜ਼ ਇਸ ਵੇਲੇ ਮਿਆਰੀ ਦਵਾਈਆਂ ਤੇ ਡਾਇਗਨੋਸਟਿਕ ਸਹੂਲਤਾਂ ਵਾਜਬ ਰੇਟਾਂ ’ਤੇ ਪ੍ਰਦਾਨ ਕਰਨ ਦੇ ਮਾਮਲੇ ’ਚ ਮੁਸ਼ਕਿਲਾਂ ਝੱਲ ਰਹੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਸਿਹਤ ਮੰਤਰਾਲਾ ਦਵਾਈਆਂ ਦੀ ਖਰੀਦ ਅਤੇ ਜਾਂਚ ਲੈਬਾਰਟਰੀਆਂ ਸਥਾਪਿਤ ਕਰਨ ਦੀ ਘੋਖ ਕਰੇ, ਜਿਵੇਂ ਕਿ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਵੱਲੋਂ ਕੀਤਾ ਜਾਂਦਾ ਹੈ ਤੇ ਇਨ੍ਹਾਂ ਨੂੰ ਏਮਜ਼ ਸਹੂਲਤਾਂ ਲਈ ਲਾਗੂ ਕਰੇ। ਹਰਸਿਮਰਤ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਏਮਜ਼ ਬਠਿੰਡਾ ਸਟਾਫ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਸੀਨੀਅਰ ਅਤੇ ਜੂਨੀਅਰ ਰੈਜ਼ੀਡੈਂਟਸ ਦੀਆਂ ਪੋਸਟਾਂ 750 ਬੈੱਡਾਂ ਵਾਲੇ ਹਸਪਤਾਲ ਦੇ ਹਿਸਾਬ ਨਾਲ ਪ੍ਰਵਾਨ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਾਂਭ-ਸੰਭਾਲ ਵੱਖ-ਵੱਖ ਸੁਪਰਸਪੈਸ਼ਲਿਟੀ ਵਿਭਾਗਾਂ ਦੇ ਕੰਮਕਾਜ ’ਤੇ ਨਿਰਭਰ ਕਰਦੀ ਹੈ ਤੇ ਇਨ੍ਹਾਂ ਵਾਸਤੇ ਪ੍ਰਵਾਨਗੀ ਤੁਰੰਤ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੰਡੀਆਂ ’ਚ ਰੁਲਣ ਦਾ ਬੀਤਿਆ ਜ਼ਮਾਨਾ, ਪੁੱਤਾਂ ਵਾਂਗ ਪਾਲ਼ੀ ਫਸਲ ਦਾ ਚੁੱਕਾਂਗੇ ਇਕ-ਇਕ ਦਾਣਾ : ਭਗਵੰਤ ਮਾਨ

ਇਸ ਮੀਟਿੰਗ ’ਚ ਇਹ ਵੀ ਦੱਸਿਆ ਗਿਆ ਕਿ ਏਮਜ਼ ਬਠਿੰਡਾ ’ਚ ਫੈਕਲਟੀ ਵਾਸਤੇ ਸਿਰਫ 22 ਹਾਊਸਿੰਗ ਯੂਨਿਟ ਹਨ, ਜਦਕਿ ਫੈਕਲਟੀ ਨੂੰ ਢੁੱਕਵੀਂ ਰਿਹਾਇਸ਼ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਸਿਹਤ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਬਾਕੀ ਰਹਿੰਦੀਆਂ ਰਿਹਾਇਸ਼ੀ ਸਹੂਲਤਾਂ ਦਾ ਨਿਰਮਾਣ ਪ੍ਰਾਜੈਕਟ ਲਈ ਅਣਵਰਤੇ ਪੈਸੇ ਨਾਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਮੰਤਰਾਲੇ ਨੇ ਦੱਸਿਆ ਕਿ 100 ਐੱਮ. ਬੀ. ਬੀ. ਐੱਸ., 50 ਐੱਮ. ਡੀ., ਐੱਮ. ਐੱਸ. ਪੋਸਟ ਗ੍ਰੈਜੂਏਟ ਵਿਦਿਆਰਥੀਆਂ ਤੇ 69 ਬੀ. ਐੱਸ. ਸੀ. ਨਰਸਿੰਗ ਲਈ ਅਕਾਦਮਿਕ ਸੈਸ਼ਨ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਏਮਜ਼ ਬਠਿੰਡਾ ’ਚ ਵੱਡੀ ਗਿਣਤੀ ਵਿਚ ਮਰੀਜ਼ ਆ ਰਹੇ ਹਨ ਤੇ ਰੋਜ਼ਾਨਾ 1500 ਮਰੀਜ਼ਾਂ ਦੀ ਓ. ਪੀ. ਡੀ. ਹੈ। ਇਸ ਮੀਟਿੰਗ ’ਚ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਡਾ. ਡੀ. ਕੇ. ਸਿੰਘ ਵੀ ਮੌਜੂਦ ਸਨ।


Manoj

Content Editor

Related News