ਕੈਪਟਨ ਦੇ ਰਾਜ ’ਚ ਨਾ ਕਿਸੇ ਨੂੰ ਨੌਕਰੀ ਮਿਲੀ, ਨਾ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ : ਹਰਸਿਮਰਤ
Sunday, Aug 01, 2021 - 06:22 PM (IST)
ਅੰਮ੍ਰਿਤਸਰ (ਅਨਜਾਣ) : ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਖਿਆ ਹੈ ਕਿ ਕੈਪਟਨ ਦੇ ਰਾਜ ‘ਚ ਨਾ ਕਿਸੇ ਮਾਂ ਦੇ ਪੁੱਤਰ ਧੀ ਨੂੰ ਨੌਕਰੀ ਮਿਲੀ, ਨਾ ਕਿਸੇ ਕਿਸਾਨ ਦਾ ਕਰਜ਼ਾ ਮੁਆਫ਼ ਹੋਇਆ, ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਸਾਰਿਆਂ ਵਿਧਾਇਕਾਂ ਨੇ ਹਾਈ ਕਮਾਨ ਨੂੰ ਕਿਹਾ ਕਿ ਕੈਪਟਨ ਸਾਹਿਬ ਮੁੱਖ ਮੰਤਰੀ ਦੇ ਤੌਰ ’ਤੇ ਬਿਲਕੁਲ ਫੇਲ੍ਹ ਹਨ ਅਤੇ ਇਨ੍ਹਾਂ ਦੇ ਨਾਮ ’ਤੇ ਕਿਸੇ ਨੂੰ ਵੋਟ ਨਹੀਂ ਮਿਲਣੀ ਅਤੇ ਕੈਪਟਨ ਸਾਹਿਬ ਨੇ ਡੱਬਾ ਭਰ ਕੇ ਫਾਈਲਾਂ ਦਾ ਹਾਈ ਕਮਾਨ ਅੱਗੇ ਰੱਖਦਿਆਂ ਕਿਹਾ ਕਿ ਸਾਰੇ ਮੰਤਰੀ ਭ੍ਰਿਸ਼ਟ ਹਨ। ਹਾਈ ਕਮਾਨ ਨੇ ਕੈਪਟਨ ਸਾਹਿਬ ਨੂੰ 18 ਪੁਆਇੰਟ ਬਣਾਕੇ ਹੱਥ ਫੜਾ ਦਿੱਤੇ ਕਿ ਚਾਰ ਮਹੀਨਿਆਂ ’ਚ ਪੂਰੇ ਕਰੋ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ’ਚ ਫੇਰ ਬਦਲ ਕਰਨਾ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਰੇ ਚੁੱਕਣਾ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਅਸਲ ਕੈਪਟਨ ਕੌਣ ਦੇ ਸਵਾਲ ’ਤੇ ਬੋਲੇ ਮੁੱਖ ਮੰਤਰੀ, ਨਵਜੋਤ ਸਿੱਧੂ ’ਤੇ ਦਿੱਤਾ ਇਹ ਬਿਆਨ
ਹਰਸਿਮਰਚ ਸੱਚਖੰਡ ਨਤਮਸਤਿਕ ਹੋਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ-ਦੀਦਾਰੇ ਕਰਦਿਆਂ ਧੁਰ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ। ਇਸ ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਵਾਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਜੋ ਇੰਨੀ ਵੱਡੀ ਪਾਰਟੀ ਹੈ ਕਿਸਾਨਾਂ ਦਾ ਮੁੱਦਾ ਚੁੱਕਣ ਦੀ ਬਜਾਏ ਆਪਣੀ ਹੀ ਪਾਰਟੀ ’ਤੇ ਕਿਸਾਨਾਂ ਦੇ ਮੁੱਦੇ ’ਤੇ ਦਬਾਅ ਨਹੀਂ ਪਾ ਰਹੀ ਇਕੱਲੀਆਂ ਛੋਟੀਆਂ ਪਾਰਟੀਆਂ ਮਿਲ ਕੇ ਸਪੀਕਰ ਸਾਹਿਬ ਤੇ ਰਾਸ਼ਟਪਤੀ ’ਤੇ ਦਬਾਅ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨੀਆਂ ਵੱਡੀਆਂ ਪਾਰਟੀਆਂ ਹਨ ਉਨ੍ਹਾਂ ਨੂੰ ਕਿਸਾਨਾਂ ਦੀ ਚਿੰਤਾ ਛੱਡ ਆਪਣੇ ਫੋਨਾਂ ਦੀ ਜਾਸੂਸੀ ਦੀ ਜ਼ਿਆਦਾ ਚਿੰਤਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ਮੂਡ ’ਚ ਕੈਪਟਨ, ਅਧਿਕਾਰੀਆਂ ਨੂੰ ਜਾਰੀ ਕੀਤੇ ਇਹ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?