ਪੰਜਾਬ ''ਚ ਸਿਰਫ ਮੋਤੀ ਮਹਿਲ ਦੇ ਚਹੇਤਿਆਂ ਨੂੰ ਮਿਲੀਆਂ ਨੌਕਰੀਆਂ : ਹਰਸਿਮਰਤ

10/13/2019 1:46:00 AM

ਲੁਧਿਆਣਾ,(ਹਿਤੇਸ਼): ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕੈਪਟਨ ਅਮਰਿੰਦਰ ਸਿੰੰਘ 'ਤੇ ਝੂਠ ਬੋਲ ਕੇ ਸਰਕਾਰ ਬਣਾਉਣ ਦਾ ਦੋਸ਼ ਲਾਇਆ ਹੈ। ਹਲਕਾ ਦਾਖਾ ਵਿਚ ਚੋਣ ਪ੍ਰਚਾਰ ਦੌਰਾਨ ਹਰਸਿਮਰਤ ਨੇ ਕਿਹਾ ਕਿ ਕੈਪਟਨ ਵੱਲੋਂ ਵਿਧਾਨ ਸਭਾ ਚੋਣ ਦੌਰਾਨ ਕੀਤੀ ਗਈ ਕਿਸਾਨਾਂ ਦੇ ਕਰਜ਼ ਮੁਆਫ ਕਰਨ ਸਬੰਧੀ ਐਲਾਨ ਦੀ ਅਸਲੀਅਤ ਆਏ ਦਿਨ ਕਰਜ਼ 'ਚ ਡੁੱਬੇ ਕਿਸਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਰੂਪ 'ਚ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਜੋ ਘਰ-ਘਰ ਨੌਕਰੀ ਦੇਣ ਦਾ ਦਾਅਵਾ ਕੀਤਾ ਗਿਆ ਸੀ। ਉਸ 'ਚ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦਿੱਤੀਆਂ ਗਈਆਂ ਨੌਕਰੀਆਂ ਦੀ ਗਿਣਤੀ ਵੀ ਪੂਰੀ ਨਹੀਂ ਹੋ ਸਕੀ ਹੈ। ਸਿਰਫ ਮੋਤੀ ਮਹਿਲ ਦੇ ਚਹੇਤਿਆਂ ਨੂੰ ਨੌਕਰੀਆਂ ਮਿਲੀਆਂ ਹਨ। ਹਰਸਿਮਰਤ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਵਾਅਦੇ ਮੁਤਾਬਕ ਮੋਬਾਇਲ ਜਾਂ ਬੇਰੋਜ਼ਗਾਰੀ ਭੱਤਾ ਤਾਂ ਕੀ ਦੇਣਾ ਸੀ ਵਿਧਵਾ ਤੇ ਬੁਢਾਪਾ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸ਼ਗਨ ਸਕੀਮ ਦੇ ਚੈੱਕ ਵੀ ਨਹੀਂ ਮਿਲ ਰਹੇ ਹਨ। ਇਹ ਹੀ ਹਾਲ ਆਟਾ ਦਾਲ ਸਕੀਮ ਦਾ ਹੈ, ਜਿਸ ਵਿਚ ਖੰਡ, ਚਾਹ ਪੱਤੀ ਤੇ ਘਿਓ ਤਾਂ ਕੀ ਦੇਣਾ ਸੀ ਸਿਆਸੀ ਰੰਜਿਸ਼ ਕਾਰਣ ਲੋਕਾਂ ਦੇ ਪੁਰਾਣੇ ਕਾਰਡ ਰੱਦ ਕਰ ਦਿੱਤੇ ਗਏ ਹਨ।

ਕੇਂਦਰ ਦੀ ਮਦਦ ਨਾਲ ਵਿਕਾਸ ਕਰਵਾਉਣ ਦਾ ਕੀਤਾ ਦਾਅਵਾ
ਹਰਸਿਮਰਤ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਪੰਜਾਬ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਆਪਣੇ ਨੇਤਾਵਾਂ ਦੇ ਜ਼ਰੀਏ ਵਿਕਾਸ ਕਾਰਜਾਂ ਦੀ ਜ਼ਰੂਰਤ ਬਾਰੇ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ। ਉਸ ਦੇ ਆਧਾਰ 'ਤੇ ਪ੍ਰਾਜੈਕਟ ਬਣਾ ਕੇ ਕੇਂਦਰ ਸਰਕਾਰ ਤੋਂ ਫੰਡ ਰਿਲੀਜ਼ ਕਰਵਾਇਆ ਜਾਵੇਗਾ।


Related News