ਹਰਸਿਮਰਤ ਬਾਦਲ ਨੇ ਚਾਰ ਧਰਮਾਂ ਦੀ ਹਾਜ਼ਰੀ ''ਚ ਬਿਨਾਂ ਮਨਜ਼ੂਰੀ ਹੀ ਏਮਜ਼ ਦਾ ਨੀਂਹ ਪੱਥਰ ਰੱਖਿਆ

08/24/2018 6:52:39 PM

ਬਠਿੰਡਾ (ਬਲਵਿੰਦਰ) : ਸ਼ੁੱਕਰਵਾਰ ਨੂੰ ਇਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚਾਰ ਧਰਮਾਂ ਦੀ ਅਰਦਾਸ ਕਰਵਾਉਣ ਉਪਰੰਤ ਪੰਜਾਬ ਦੇ ਅਹਿਮ ਪ੍ਰੋਜੈਕਟ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼, ਬਠਿੰਡਾ ਦਾ ਨੀਂਹ ਪੱਥਰ ਰੱਖ ਦਿੱਤਾ ਜਦਕਿ ਪੰਜਾਬ ਸਰਕਾਰ ਵਲੋਂ ਇਸ ਲਈ ਲੋੜੀਂਦੀਆਂ ਮਨਜ਼ੂਰੀਆਂ ਵੀ ਨਹੀਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਅੰਦਰ 10 ਏਮਜ਼ ਹਸਪਤਾਲ ਅਤੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਇਕ ਪੰਜਾਬ ਵਿਚ ਵੀ ਬਨਣਾ ਸੀ। ਪਹਿਲਾਂ ਪੰਜਾਬ ਦਾ ਏਮਜ਼ ਅੰਮ੍ਰਿਤਸਰ ਵਿਚ ਬਨਣਾ ਸੀ ਪਰ ਹਰਸਿਮਰਤ ਬਾਦਲ ਏਮਜ਼ ਨੂੰ ਆਪਣੇ ਹਲਕਾ ਬਠਿੰਡਾ ਵਿਚ ਲਿਆਉਣ 'ਚ ਕਾਮਯਾਬ ਰਹੇ। ਕੇਂਦਰ ਸਰਕਾਰ ਦੇ 925 ਕਰੋੜ ਦੀ ਲਾਗਤ ਵਾਲੇ 750 ਬੈੱਡ ਏਮਜ਼ ਹਸਪਤਾਲ ਤੇ ਮੈਡੀਕਲ ਕਾਲਜ ਦੇ ਇਸ ਪ੍ਰੋਜੈਕਟ ਦਾ ਟੱਕ 25 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ, ਜਦਕਿ ਉਨ੍ਹਾਂ ਇਸ ਦਾ ਨਿਰਮਾਣ ਚਾਰ ਸਾਲਾਂ ਵਿਚ ਕਰਨ ਦਾ ਐਲਾਨ ਵੀ ਕੀਤਾ ਸੀ ਪਰ ਸਰਕਾਰੀ ਦਫ਼ਤਰਾਂ ਦੀ ਠੰਡੀ ਚਾਲ ਦੇ ਚਲਦਿਆਂ ਡੇਢ ਸਾਲ ਤੱਕ ਤਾਂ ਨਗਰ-ਨਿਗਮ ਬਠਿੰਡਾ ਨੇ ਇਸਦਾ ਨਕਸ਼ਾ ਹੀ ਪਾਸ ਨਹੀਂ ਕੀਤਾ ਜਦਕਿ ਪੰਜਾਬ ਸਰਕਾਰ ਤੋਂ ਮਿਲਣ ਵਾਲੀਆਂ ਮਨਜ਼ੂਰੀਆਂ ਹੁਣ ਤੱਕ ਵੀ ਨਹੀਂ ਮਿਲ ਸਕੀਆਂ। ਹੁਣ ਲੋਕ ਸਭਾ ਚੋਣਾਂ ਨੇੜੇ ਹਨ ਤਾਂ ਏਮਜ਼ ਦਾ ਮੁੱਦਾ ਉੱਠਣਾ ਸੁਭਾਵਿਕ ਹੈ।
PunjabKesari

ਬੀਬੀ ਬਾਦਲ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਯਤਨਸ਼ੀਲ ਹਨ ਕਿ ਏਮਜ਼ ਦਾ ਨਿਰਮਾਣ ਜਲਦੀ ਸ਼ੁਰੂ ਹੋ ਸਕੇ। ਕੇਂਦਰ ਸਰਕਾਰ ਵਲੋਂ ਹੋਣ ਵਾਲੇ ਕਾਰਜ ਉਪਰੰਤ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਕਿ ਲੋੜੀਂਦੇ ਐੱਨ.ਓ.ਸੀ. ਦਿੱਤੀ ਜਾਵੇ ਤਾਂ ਕਿ ਨਿਰਮਾਣ ਸ਼ੁਰੂ ਹੋ ਸਕੇ ਪਰ ਕੈਪਟਨ ਸਰਕਾਰ ਨੇ ਇਸ ਪਾਸੇ ਬਿਲਕੁੱਲ ਧਿਆਨ ਨਹੀਂ ਦਿੱਤਾ। ਹੋਰ ਤਾਂ ਹੋਰ ਬਿਜਲੀ ਸਪਲਾਈ ਲਾਈਨਾਂ ਅਤੇ ਨਹਿਰੀ ਵਿਭਾਗ ਦੇ ਖਾਲ ਆਦਿ ਵੀ ਪ੍ਰੋਜੈਕਟ ਤੋਂ ਸ਼ਿਫਟ ਨਹੀਂ ਕੀਤੇ ਜੋ ਕਿ ਪ੍ਰੋਜੈਕਟ ਦੇ ਨਿਰਮਾਣ ਕਾਰਜਾਂ ਵਿਚ ਅੜਿੱਕਾ ਬਣ ਰਹੇ ਹਨ। ਜਦਕਿ ਪੰਜਾਬ ਸਰਕਾਰ ਵਲੋਂ ਜਵਾਬ ਆਇਆ ਕਿ ਸਾਰੀਆਂ ਮਨਜ਼ੂਰੀਆਂ ਦੇ ਦਿੱਤੀਆਂ ਹਨ। ਬੀਬੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਕਹਿ ਰਹੇ ਹਨ ਕਿ ਮਨਜ਼ੂਰੀਆਂ ਦੇ ਦਿੱਤੀਆਂ ਹਨ ਕਿਉਂਕਿ ਉਕਤ ਮਨਜ਼ੂਰੀਆਂ ਦਿੱਤੀਆਂ ਜਾਣੀਆਂ ਅਜੇ ਤੱਕ ਬਾਕੀ ਹਨ। 
PunjabKesari

ਬੀਬੀ ਬਾਦਲ ਨੇ ਕਿਹਾ ਕਿ ਇਹ ਪ੍ਰੋਜੈਕਟ ਜੂਨ 2018 ਵਿਚ ਸ਼ੁਰੂ ਹੋਣਾ ਸੀ ਅਤੇ ਫਰਵਰੀ 2019 ਤੱਕ ਓ.ਪੀ.ਡੀ. ਸ਼ੁਰੂ ਕਰਨੀ ਸੀ ਪ੍ਰੰਤੂ ਕੈਪਟਨ ਸਰਕਾਰ ਇਸ ਵਿਚ ਦੇਰੀ ਕਰਵਾ ਰਹੀ ਹੈ। ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਇਹ ਪ੍ਰੋਜੈਕਟ ਸ਼ੁਰੂ ਕਰਵਾਇਆ ਅਤੇ ਫਰਵਰੀ 2019 ਤੱਕ ਹੀ ਓ.ਪੀ.ਡੀ. ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕੈਪਟਨ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਮੈਡੀਕਲ ਦੇ 100 ਵਿਦਿਆਰਥੀਆਂ ਦੀਆਂ ਕਲਾਸਾਂ ਅਗਸਤ 2019 ਵਿਚ ਸ਼ੁਰੂ ਕਰਨ ਲਈ ਕੇਂਦਰੀ ਯੂਨੀਵਰਸਿਟੀ ਦੀ ਇਮਾਰਤ ਦੀ ਵਰਤੋਂ ਕਰਨ ਦੀ ਇਜ਼ਾਜਤ ਦਿੱਤੀ ਜਾਵੇ ਪਰ ਸਰਕਾਰ ਨੇ ਇਹ ਇਜ਼ਾਜਤ ਵੀ ਨਹੀਂ ਦਿੱਤੀ। 

ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਸਰਕਾਰ ਨੂੰ ਡਰ ਹੈ ਕਿ ਜੇਕਰ ਏਮਜ਼ ਬਣ ਗਿਆ ਤਾਂ ਇਸਦਾ ਸਿਹਰਾ ਅਕਾਲੀ-ਭਾਜਪਾ ਨੂੰ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਏਮਜ਼ ਨਾਲ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਰਾਜਸਥਾਨ ਨੂੰ ਵੀ ਵੱਡਾ ਲਾਭ ਮਿਲੇਗਾ ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਵਿਦੇਸ਼ਾਂ ਦੇ ਵਿਦਿਆਰਥੀ ਜਾਂ ਮਰੀਜ਼ ਵੀ ਏਮਜ਼ ਬਠਿੰਡਾ ਵਿਖੇ ਆਉਣਗੇ। ਇਸ ਮੌਕੇ ਨਿਰਮਾਣ ਕੰਪਨੀ ਹਾਈਟਸ ਦੇ ਅਧਿਕਾਰੀ ਸੁਨੀਲ ਸ਼ਰਮਾ ਨੇ ਦੱਸਿਆ ਕਿ ਉਹ ਤਿੰਨ ਮਹੀਨਿਆਂ ਤੋਂ ਇਥੇ ਮਸ਼ੀਨਾਂ ਆਦਿ ਲੈ ਕੇ ਬੈਠੇ ਹਨ ਪਰ ਲੋੜੀਂਦੀਆਂ ਮਨਜ਼ੂਰੀਆਂ ਨਾ ਮਿਲਣ ਕਾਰਨ ਇਹ ਕੰਮ ਸ਼ੁਰੂ ਨਹੀਂ ਹੋ ਸਕਿਆ।


Related News