ਹਰਪ੍ਰੀਤ ਸਿੰਘ ਸਿੱਧੂ ਦੀ ਤਾਇਨਾਤੀ ਨੂੰ ਲੈ ਕੇ ਕੈਪਟਨ ਹੋਏ ਸਖਤ (ਵੀਡੀਓ)

Sunday, Jul 21, 2019 - 06:40 PM (IST)

ਜਲੰਧਰ— ਆਪਣੇ ਤਕਰੀਬਨ ਹਰ ਫੈਸਲੇ 'ਤੇ ਅਧਿਕਾਰੀਆਂ ਵੱਲੋਂ ਸਵਾਲ ਚੁੱਕੇ ਜਾਣ 'ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਰੁਖ ਅਪਣਾਅ ਲਿਆ ਹੈ। ਹਰਪ੍ਰੀਤ ਸਿੰਘ ਸਿੱਧੂ ਦੀ ਐੱਸ. ਟੀ. ਐੱਫ. ਚੀਫ ਵਜੋਂ ਤਾਇਨਾਤੀ ਦੇ ਵਿਰੋਧ 'ਤੇ ਕੈਪਟਨ ਨੇ ਅਫਸਰਾਂ ਨੂੰ ਸਖਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਉਨ੍ਹਾਂ ਦਾ ਫੈਸਲਾ ਪਸੰਦ ਨਹੀਂ ਤਾਂ ਉਹ ਪੰਜਾਬ ਛੱਡ ਸਕਦੇ ਹਨ। ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਪੇਜ 'ਤੇ ਪੋਸਟ ਪਾ ਕੇ ਲਿਖਿਆ ਕਿ ਕੁਝ ਮੀਡੀਆ ਅਦਾਰੇ ਐੱਸ. ਟੀ. ਐੱਫ. ਮੁਖੀ ਦੇ ਰੂਪ 'ਚ ਹਰਪ੍ਰੀਤ ਸਿੱਧੂ ਦੀ ਫਿਰ ਤੋਂ ਨਿਯੁਕਤੀ 'ਤੇ 'ਵਿਰੋਧ' ਦੀ ਸੂਚਨਾ ਦੇ ਰਹੇ ਹਨ। ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੂੰ ਮੇਰੇ ਆਦੇਸ਼ਾਂ ਨਾਲ ਕੋਈ ਸਮੱਸਿਆ ਹੈ ਤਾਂ ਕਹਿ ਸਕਦਾ ਹੈ ਅਤੇ ਕੇਂਦਰ ਤੋਂ ਡੈਪੂਟੇਸ਼ਨ ਦੀ ਮੰਗ ਕਰ ਸਕਦਾ ਹੈ। ਮੈਂ ਆਪਣੇ ਫੈਸਲੇ ਵਿਰੁੱਧ ਕਿਸੇ ਨੂੰ ਵੀ ਕੰਮ ਕਰਨ ਦੀ ਆਗਿਆ ਨਹੀਂ ਦਿਆਂਗਾ। ਸਿੱਧੂ ਦੀ ਨਵੀਂ ਨਿਯੁਕਤੀ ਦਾ ਫੈਸਲਾ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਪੰਜਾਬ 'ਚ ਇਕ ਵਾਰ ਮੁੜ ਡਰੱਗ ਨਾਲ ਸਬੰਧਤ ਸਮੱਸਿਆ ਦੋਬਾਰਾ ਪੈਦਾ ਹੋ ਰਹੀ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਮੇਰੀ ਸਰਕਾਰ ਸੂਬੇ 'ਚ ਨਸ਼ੇ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕੌਮੀ ਡਰੱਗ ਨੀਤੀ ਬਣਾਉਣ ਦੀ ਇਕ ਵਾਰ ਮੁੜ ਵਕਾਲਤ ਕੀਤੀ ਅਤੇ ਕਿਹਾ ਕਿ ਪੰਜਾਬ ਲਈ ਨਸ਼ਿਆਂ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਸੂਬੇ 'ਚ ਨਸ਼ੇ ਵਾਲੀਆਂ ਵਸਤਾਂ ਨਾ ਸਿਰਫ ਭਾਰਤ-ਪਾਕਿ ਸਰਹੱਦ ਤੋਂ ਆ ਰਹੀਆਂ ਹਨ ਸਗੋਂ ਜੰਮੂ-ਕਸ਼ਮੀਰ ਅਤੇ ਗੁਜਰਾਤ ਵੱਲੋਂ ਵੀ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੁੜ ਨਿਯੁਕਤੀ ਨੂੰ ਲੈ ਕੇ ਮੈਨੂੰ ਕਿਸੇ ਵੀ ਖੇਤਰ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ। ਮੈਂ ਆਪਣਾ ਫੈਸਲਾ ਸੂਬੇ ਦੇ ਹਿੱਤ ਨੂੰ ਧਿਆਨ 'ਚ ਰੱਖਦਿਆਂ ਲਿਆ ਹੈ। ਜੇ ਕੋਈ ਇਸ ਫੈਸਲੇ ਵਿਰੁੱਧ ਜਾਂਦਾ ਹੈ ਤਾਂ ਉਸ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਏਗਾ। ਅਜਿਹੇ ਲੋਕਾਂ ਲਈ ਪੁਲਸ 'ਚ ਕੋਈ ਥਾਂ ਨਹੀਂ। ਇਥੇ ਦੱਸ ਦੇਈਏ ਕਿ ਕੈਪਟਨ ਗ੍ਰਹਿ ਮੰਤਰਾਲੇ ਦਾ ਜ਼ਿੰਮਾ ਖੁਦ ਸਾਂਭ ਰਹੇ ਹਨ ਅਤੇ ਸੂਬੇ 'ਚ ਕਿਸੇ ਵੀ ਅਫਸਰ ਦਾ ਤਬਾਦਲਾ ਅਤੇ ਤਾਇਨਾਤੀ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। 

PunjabKesari
ਜ਼ਿਕਰਯੋਗ ਹੈ ਕਿ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦਾ ਮੁਖੀ ਚੌਥੀ ਵਾਰ ਬਦਲਿਆ ਗਿਆ ਹੈ, ਜਿਸ 'ਤੇ ਹੋਰ ਪਾਰਟੀਆਂ ਵੀ ਕੈਪਟਨ ਸਰਕਾਰ 'ਤੇ ਦਿਖਾਵੇਬਾਜ਼ੀ ਦਾ ਇਲਜ਼ਾਮ ਲਗਾ ਰਹੀਆਂ ਹਨ। ਇਥੇ ਇਹ ਵੀ ਦੱਸ ਦੇਈਏ ਕਿ ਸਰਕਾਰ ਵੱਲੋਂ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨੂੰ ਐੱਸ. ਟੀ. ਐੱਫ. ਦਾ ਮੁਖੀ ਨਿਯੁਕਤ ਕਰਨ ਪਿੱਛੋਂ ਜਿੱਥੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ, ਉਥੇ ਹੀ ਦੂਜੇ ਪਾਸੇ ਸਰਕਾਰ ਨੇ ਮੌਜੂਦਾ ਡੀ. ਜੀ. ਪੀ. ਦਿਨਕਰ ਗੁਪਤਾ ਅਤੇ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦਰਮਿਆਨ ਵਧੀਆ ਤਾਲਮੇਲ ਬਿਠਾਉਣ ਬਾਰੇ ਫੈਸਲਾ ਕੀਤਾ ਹੈ। ਸਿੱਧੂ ਹੁਣ ਸਿੱਧਾ ਡੀ. ਜੀ. ਪੀ. ਗੁਪਤਾ ਨੂੰ ਰਿਪੋਰਟ ਦੇਣਗੇ।


author

shivani attri

Content Editor

Related News