ਸ਼ਿਲਾਂਗ ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਕੋਲ ਉਠਾਉਣ ਕੈਪਟਨ : ਹਰਪਾਲ ਚੀਮਾ

Monday, Jun 03, 2019 - 01:24 PM (IST)

ਚੰਡੀਗੜ੍ਹ (ਰਮਨਜੀਤ) : ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਿਲਾਂਗ (ਮੇਘਾਲਿਆ) ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਤਾਂ ਕਿ 200 ਸਾਲਾਂ ਤੋਂ ਉਥੇ ਵਸ ਰਹੇ ਪੰਜਾਬੀ ਪਰਿਵਾਰਾਂ 'ਤੇ ਲਟਕ ਰਹੀ ਉਜਾੜੇ ਦੀ ਤਲਵਾਰ ਹਟ ਸਕੇ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਜੇ ਘੱਟ ਗਿਣਤੀਆਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਖ਼ੁਦ ਹੀ ਮੇਘਾਲਿਆ ਸਰਕਾਰ ਨਾਲ ਗੱਲ ਕਰਦੀ ਪਰ ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮਸਲੇ ਬਾਰੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ। ਇਹ ਮਾਮਲਾ 3 ਦਿਨਾਂ ਤੋਂ ਦੁਬਾਰਾ ਭੜਕਿਆ ਹੋਇਆ ਹੈ, ਕਿਉਂਕਿ ਸ਼ਿਲਾਂਗ ਦੀ ਪੰਜਾਬੀ ਲੇਨ 'ਚ ਪਿਛਲੇ 200 ਸਾਲਾਂ ਤੋਂ ਵਸ ਰਹੇ ਪੰਜਾਬੀ ਪਰਿਵਾਰ ਨੂੰ ਲੰਘੇ ਸ਼ੁੱਕਰਵਾਰ ਨੂੰ ਸ਼ਿਲਾਂਗ ਮਿਊਂਸੀਪਲ ਬੋਰਡ ਵਲੋਂ ਕਾਨੂੰਨੀ ਨੋਟਿਸ ਜਾਰੀ ਕਰਕੇ ਸੈਂਕੜੇ ਪਰਿਵਾਰਾਂ 'ਤੇ ਉਜਾੜੇ ਦੀ ਤਲਵਾਰ ਲਟਕਾ ਦਿੱਤੀ ਗਈ ਹੈ ਅਤੇ ਸਬੰਧਤ ਈਸਟ ਖਾਸੀ ਹਿੱਲ ਜ਼ਿਲਾ ਪ੍ਰਸ਼ਾਸਨ ਵਲੋਂ ਪੰਜਾਬੀ ਲੇਨ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਚੀਮਾ ਨੇ ਹਰਸਿਮਰਤ ਬਾਦਲ ਨੂੰ ਕੋਸਦਿਆਂ ਕਿਹਾ ਕਿ ਖ਼ੁਦ ਨੂੰ ਪੰਜਾਬੀਆਂ ਦਾ ਮਸੀਹਾ ਕਹਾਉਣ ਵਾਲਾ ਇਹ ਟੱਬਰ ਉਦੋਂ ਗੂੰਗਾ-ਬਹਿਰਾ ਬਣ ਜਾਂਦਾ ਹੈ ਜਦ ਕਦੇ ਵੀ ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀਆਂ 'ਤੇ ਭੀੜ ਪੈਂਦੀ ਹੈ। ਸ਼ਿਲਾਂਗ ਦੇ ਪੰਜਾਬੀਆਂ ਤੋਂ ਪਹਿਲਾਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਸਮੇਤ ਅਜਿਹੀਆਂ ਕਈ ਮਿਸਾਲਾਂ ਹਨ, ਜਿਥੇ ਬਾਦਲ ਪਰਿਵਾਰ ਨੇ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਪਿੱਠ ਦਿਖਾਈ ਹੈ। ਚੀਮਾ ਨੇ ਕਿਹਾ ਕਿ ਸੰਸਦ ਦੇ ਪਹਿਲੇ ਸੈਸ਼ਨ 'ਚ 'ਆਪ' ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਹ ਮਸਲਾ ਉਠਾਉਣਗੇ ਅਤੇ ਪਾਰਟੀ ਦਾ ਵਫ਼ਦ ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ।


Anuradha

Content Editor

Related News