ਕਿਸਾਨਾਂ ਦੀਆਂ ਜ਼ਮੀਨਾਂ ਬਾਰੇ ਹਰਪਾਲ ਚੀਮਾ ਨੇ 'ਕੈਪਟਨ' 'ਤੇ ਕੱਸੇ ਤੰਜ, ਜਾਣੋ ਕੀ ਬੋਲੇ

Friday, Jul 16, 2021 - 06:25 PM (IST)

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਵਿੱਚ 'ਭਾਰਤ ਮਾਲਾ ਸੜਕ ਪਰਿਯੋਜਨਾ' ਲਈ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਅਤੇ ਧੱਕੇਸ਼ਾਹੀ ਨਾਲ ਜ਼ਮੀਨ ਐਕਵਾਇਰ ਅਤੇ ਸਾਲਸੀ ਨਿਯੁਕਤ ਕਰਨ ਦੀ ਸਖ਼ਤ ਨਿਖ਼ੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨਾਂ ਨੂੰ ਲੁੱਟਣ ਅਤੇ ਉਜਾੜਨ ਦੀ ਨੀਤੀ 'ਤੇ ਨਾ ਚੱਲਣ ਅਤੇ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੀ ਕੀਮਤ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਦੇਣ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਪ੍ਰਧਾਨ ਬਣਨ ਦੇ ਰੌਲੇ ਮਗਰੋਂ 'ਸੋਨੀਆ' ਨੂੰ ਮਿਲੇ 'ਨਵਜੋਤ ਸਿੱਧੂ'

ਸ਼ੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਭਾਰਤ ਮਾਲਾ ਸੜਕ ਪਰਿਯੋਜਨਾ ਲਈ ਕਿਸਾਨਾਂ ਦੀਆਂ ਜ਼ਮੀਨਾਂ ਸਿਰਫ 8 ਤੋਂ 10 ਲੱਖ ਰੁਪਏ ਦੇ ਮੁੱਲ 'ਤੇ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜ਼ਮੀਨਾਂ ਸਬੰਧੀ ਪੈਦਾ ਹੋਣ ਵਾਲੇ ਮਾਮਲਿਆਂ ਦੇ ਹੱਲ ਕਰਨ ਲਈ ਵੱਖ-ਵੱਖ ਸਾਲਸੀ ਨਿਯੁਕਤ ਕਰਨ ਸਬੰਧੀ ਵੀ ਕਿਸਾਨਾਂ ਦੀ ਰਾਇ ਨਹੀਂ ਲਈ ਜਾ ਰਹੀ। ਇਸ ਕਾਰਨ ਪੰਜਾਬ ਭਰ ਦੇ ਕਿਸਾਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖ਼ਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਵੱਖ-ਵੱਖ ਥਾਵਾਂ 'ਤੇ ਕੌਡੀਆਂ ਦੇ ਮੁੱਲ ਜ਼ਮੀਨਾਂ ਐਕਵਾਇਰ ਕਰਨ ਦੇ ਖ਼ਿਲਾਫ਼ ਧਰਨੇ ਲਾ ਰਹੇ ਹਨ।

ਇਹ ਵੀ ਪੜ੍ਹੋ : ਸ਼ਰਾਬੀ ਭਤੀਜੇ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, ਪੱਥਰ ਮਾਰ-ਮਾਰ ਬੇਰਹਿਮੀ ਨਾਲ ਕਤਲ ਕੀਤਾ ਚਾਚਾ

ਚੀਮਾ ਨੇ ਪ੍ਰਗਟਾਵਾ ਕੀਤਾ ਕਿ ਕਿਸਾਨ ਦੀ ਜ਼ਮੀਨ ਐਕਵਾਇਰ ਹੋਣ ਨਾਲ ਭਾਵੇਂ ਕਿਸਾਨ ਨੂੰ ਕੁੱਝ ਪੈਸੇ ਮਿਲ ਜਾਂਦੇ ਹਨ ਪਰ ਕਿਸਾਨ ਪਰਿਵਾਰਾਂ ਲਈ ਨਵੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਨਵੀਂ ਸੜਕ ਬਣਨ ਕਾਰਨ ਜ਼ਮੀਨ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ, ਖੇਤ ਵੱਲ ਜਾਣ ਦਾ ਰਸਤਾ ਬੰਦ ਹੋ ਜਾਂਦਾ, ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਅਤੇ ਕਈ ਵਾਰ ਤਾਂ ਟਿਊਬਵੈੱਲ ਵੀ ਬੰਦ ਹੋ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਵੀਂ ਥਾਂ ਜ਼ਮੀਨ ਖ਼ਰੀਦਣ, ਪਾਣੀ ਦਾ ਪ੍ਰਬੰਧ ਕਰਨ, ਮਕਾਨ ਬਣਾਉਣ ਅਤੇ ਬਿਜਲੀ ਕੁਨੈਕਸ਼ਨ ਲੈਣ ਆਦਿ ਜਿਹੀਆਂ ਸਮੱਸਿਆਵਾਂ ਨਾਲ ਕਿਸਾਨ ਪਰਿਵਾਰਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ ਪਰ ਸਰਕਾਰ ਜ਼ਮੀਨ ਬਦਲੇ ਇੱਕ ਵਾਰ ਪੈਸਾ ਦੇ ਕੇ ਕਿਸਾਨ ਪਰਿਵਾਰ ਦੀ ਮੁੜ ਸਾਰ ਨਹੀਂ ਲੈਂਦੀ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ 'ਸਕੂਲ' ਖੋਲ੍ਹਣ ਦੀ ਤਿਆਰੀ, ਸਿਹਤ ਵਿਭਾਗ ਨੇ ਸਟਾਫ਼ ਸਬੰਧੀ ਮੰਗੀ ਇਹ ਰਿਪੋਰਟ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਮੌਜੂਦਾ ਕੁਲੈਕਟਰ ਮੁੱਲ 'ਤੇ ਜ਼ਮੀਨਾਂ ਦੀ ਕੀਮਤ ਦਿੱਤੀ ਜਾ ਰਹੀ ਹੈ, ਜੋ ਕਿ ਬਹੁਤ ਨਿਗੁਣੀ ਹੈ। ਪੰਜਾਬ 'ਚ ਵੱਖ-ਵੱਖ ਥਾਂਵਾਂ 'ਤੇ ਕਿਸਾਨਾਂ ਨੂੰ ਸਿਰਫ 8 ਤੋਂ 10 ਲੱਖ ਰੁਪਇਆ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ, ਜਦੋਂ ਕਿ ਖੁੱਲ੍ਹੇ ਬਜ਼ਾਰ 'ਚ ਜ਼ਮੀਨ ਦੀ ਕੀਮਤ ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੇ ਕਿਸਾਨਾਂ ਨਾਲ ਸਰਕਾਰੀ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸੂਬੇ ਦੇ ਕਿਸਾਨ ਦੀ ਸਹਿਮਤੀ ਨਾਲ ਜ਼ਮੀਨਾਂ ਦੀ ਕੀਮਤ, ਉਜਾੜਾ ਭੱਤਾ ਅਤੇ ਅੱਗੇ ਜ਼ਮੀਨ ਖ਼ਰੀਦਣ ਵਿੱਚ ਛੋਟਾਂ ਦੇਣ ਸਮੇਤ ਕਿਸਾਨ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News