ਚੀਮਾ ਵੱਲੋਂ ਆਬਕਾਰੀ ਵਿਭਾਗ ਨੂੰ ਗੈਰ-ਕਾਨੂੰਨੀ ਐਕਸਟਰਾ ਨਿਊਟਰਲ ਅਲਕੋਹਲ ਦੇ ਵਪਾਰ ''ਤੇ ਮੁਕੰਮਲ ਰੋਕ ਦੇ ਹੁਕਮ

Tuesday, Aug 30, 2022 - 05:16 PM (IST)

ਚੀਮਾ ਵੱਲੋਂ ਆਬਕਾਰੀ ਵਿਭਾਗ ਨੂੰ ਗੈਰ-ਕਾਨੂੰਨੀ ਐਕਸਟਰਾ ਨਿਊਟਰਲ ਅਲਕੋਹਲ ਦੇ ਵਪਾਰ ''ਤੇ ਮੁਕੰਮਲ ਰੋਕ ਦੇ ਹੁਕਮ

ਚੰਡੀਗੜ੍ਹ : ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ 2000 ਲੀਟਰ ਨਾਜਾਇਜ਼ ਐਕਸਟਰਾ ਨਿਊਟ੍ਰਲ ਅਲਕੋਹਲ (ਈ.ਐਨ.ਏ) ਜ਼ਬਤ ਕਰਕੇ ਇਕ ਵੱਡੀ ਤ੍ਰਾਸਦੀ ਨੂੰ ਟਾਲਣ ਲਈ ਆਬਕਾਰੀ ਵਿਭਾਗ ਨੂੰ ਵਧਾਈ ਦਿੰਦਿਆਂ ਈ.ਐੱਨ.ਏ ਦੀ ਤਸਕਰੀ ’ਤੇ ਮੁਕੰਮਲ ਰੋਕ ਲਗਾਉਣ ਲਈ ਰਾਜ ਵਿਆਪੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਅੱਜ ਇਥੇ ਆਬਕਾਰੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਨਾਜਾਇਜ਼ ਸ਼ਰਾਬ ਖਾਸ ਤੌਰ 'ਤੇ ਈ.ਐੱਨ.ਏ ਤਸਕਰੀ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਕਿਉਂਕਿ ਇਸ ਨਾਲ ਨਾ ਸਿਰਫ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਦਾ ਹੈ ਬਲਕਿ ਮਨੁੱਖੀ ਸਿਹਤ 'ਤੇ ਵੀ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਚੀਮਾ ਨੇ ਵਿਭਾਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮੀਥੇਨੌਲ ਡੀਲਰਾਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਿਥਾਇਲ ਅਲਕੋਹਲ ਦੀ ਗੈਰ-ਕਾਨੂੰਨੀ ਜਾਂ ਅਣਅਧਿਕਾਰਤ ਵਿਕਰੀ ਨਾ ਹੋਵੇ ਜਿਸ ਤੋਂ ਸ਼ਰਾਬ ਬਣਾਏ ਜਾਣ ਨਾਲ ਵੱਡਾ ਦੁਖਾਂਤ ਵਾਪਰ ਸਕਦਾ ਹੈ।

ਮੀਟਿੰਗ ਦੌਰਾਨ ਵਿੱਤ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਆਬਕਾਰੀ ਵਿਭਾਗ ਨੇ ਇਸ ਸਾਲ ਜੁਲਾਈ ਮਹੀਨੇ ਵਿੱਚ 2700 ਛਾਪੇਮਾਰੀਆਂ ਅਤੇ 2998 ਨਾਕਿਆਂ ਦੌਰਾਨ 15131 ਬੋਤਲਾਂ ਪੰਜਾਬ ਮੀਡੀਅਮ ਸ਼ਰਾਬ (ਪੀ.ਐੱਮ.ਐੱਲ.), 7917 ਬੋਤਲਾਂ ਭਾਰਤ ਵਿਚ ਬਣੀ ਵਿਦੇਸ਼ੀ ਸ਼ਰਾਬ (ਆਈ.ਐੱਮ.ਐੱਫ.ਐੱਲ.), 2596 ਬੋਤਲਾਂ ਬੀਅਰ, ਰੈਡੀ ਟੂ ਡਰਿੰਕ ਸ਼ਰਾਬ ਦੀਆਂ 3795 ਬੋਤਲਾਂ, 724694 ਲਿਟਰ ਲਾਹਣ, 5895 ਲਿਟਰ ਨਜਾਇਜ਼ ਸ਼ਰਾਬ ਅਤੇ 784 ਭੱਠੀਆਂ ਬਰਾਮਦ ਕਰਕੇ 320 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 414 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਮਾਮਲਿਆਂ ਵਿਚ ਅਦਾਲਤਾਂ ਵੱਲੋਂ ਸਬੰਧਤ ਵਿਅਕਤੀਆਂ ਨੂੰ ਦੋਸ਼ੀ ਠਹਿਰਾਏ ਜਾਣ ਦੀ ਦਰ 81.72 ਫੀਸਦ ਹੈ।

ਵਿੱਤ ਮੰਤਰੀ ਨੇ ਵਿੱਤੀ ਸਾਲ 2019-20, 2020-21 ਅਤੇ 2021-22 ਲਈ ਆਬਕਾਰੀ ਵਿਭਾਗ ਦੇ ਮਾਲੀਏ ਦੇ ਅੰਕੜਿਆਂ ਦੇ ਖਜ਼ਾਨੇ ਨਾਲ ਤਾਲਮੇਲ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਖਜ਼ਾਨੇ ਨਾਲ ਮਾਲੀਏ ਦੇ ਅੰਕੜਿਆਂ ਦੇ ਨਾਲੋ-ਨਾਲ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਮੇਂ ਸਿਰ ਕਿਸੇ ਵੀ ਧੋਖਾਧੜੀ ਜਾਂ ਜਾਅਲੀ ਮਾਲੀਆ ਪ੍ਰਾਪਤੀ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਵਿਭਾਗ ਨੂੰ ਇਸ ਸਾਲ ਜੁਲਾਈ ਅਤੇ ਅਗਸਤ ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਮਾਲੀਆ ਇਕੱਤਰੀਕਰਨ ਦੀ ਤੁਲਨਾ ਰਿਪੋਰਟ 5 ਸਤੰਬਰ ਤੱਕ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਸਮੀਖਿਆ ਮੀਟਿੰਗ ਵਿਚ ਵਿੱਤ ਕਮਿਸ਼ਨਰ (ਕਰ) ਅਜੋਏ ਸ਼ਰਮਾ, ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਅਤੇ ਰਾਜ ਦੇ ਮੁੱਖ ਦਫ਼ਤਰ ਤੇ ਆਬਕਾਰੀ ਜ਼ਿਲ੍ਹਿਆਂ ਤੋਂ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।


author

Gurminder Singh

Content Editor

Related News