ਭਾਈ ਲੱਖੀ ਸ਼ਾਹ ਵਣਜਾਰਾ ਦਾ ਇਤਿਹਾਸ ਵਿਖਾਉਣਾ ਗਲਤ ਕਿਵੇਂ: ਕਾਲਕਾ

08/14/2022 10:26:51 AM

ਜਲੰਧਰ (ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਇਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਈ ਪ੍ਰੈੱਸ ਕਾਨਫਰੰਸ ’ਚ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲਾ ਵੱਲੋਂ ਡੀ. ਐੱਸ. ਜੀ. ਐੱਮ. ਸੀ. ਦੇ ਸਹਿਯੋਗ ਨਾਲ ਬੀਤੇ ਦਿਨੀਂ ਕਰਵਾਏ ਗਏ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜਾ ਸਮਾਗਮ ਨੂੰ ਲੈ ਕੇ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀ. ਕੇ. ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹ ਕਿ ਉਕਤ ਦੋਵੇਂ ਪਾਰਟੀ ਆਗੂ ਪਹਿਲਾਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਸਮਾਗਮਾਂ ਬਾਰੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਆਪੋ-ਆਪਣੇ ਵਕਤ ਦੀਆਂ ਸਰਕਾਰਾਂ ਨੂੰ ਖੁਸ਼ ਕਰਨ ਲਈ ਦਿੱਲੀ ਗੁਰਦੁਆਰਾ ਕਮੇਟੀ ਦੀ ਮਾਇਆ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ।

ਕਾਲਕਾ ਨੇ ਕਿਹਾ ਕਿ ਆਪਣੀ ਪ੍ਰਧਾਨਗੀ ਵੇਲੇ ਜੀ. ਕੇ. ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਨਾਟਕ ਦੇ ਰੂਪ ’ਚ ਵਿਖਾਉਣਾ ਸਹੀ ਹੈ ਪਰ ਹੁਣ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਭਾਈ ਲੱਖੀ ਸ਼ਾਹ ਵਣਜਾਰਾ ਦੇ ਜਨਮ ਦਿਹਾੜਾ ਸਮਾਗਮ ਮੌਕੇ ਉਨ੍ਹਾਂ ਦਾ ਇਤਿਹਾਸ ਵਿਖਾਉਣਾ ਗਲਤ ਕਿੰਝ ਹੋ ਗਿਆ। ਇਸ ਮੌਕੇ ਜਗਦੀਪ ਸਿੰਘ ਕਾਹਲੋਂ ਨੇ ਸਰਨਾ ਭਰਾਵਾਂ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਾਲ 2009 ’ਚ ਤਾਮਿਲਨਾਡੂ ਫੀਸ਼ਰਮੇਨ ਫਾਊਂਡੇਸ਼ਨ, ਚੇਨਈ ਦੇ 2,000 ਦੇ ਕਰੀਬ ਮਛੇਰਿਆਂ ਨੂੰ ਅਤੇ 2010 ’ਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਕਰੀਬ 3,000 ਬੀਬੀਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਠਹਿਰਾਇਆ ਸੀ, ਪਰ ਅਸੀਂ ਸਰਨਾ ਭਰਾਵਾਂ ਵਾਂਗ ਉਸ ਵੇਲੇ ਕਿਸੇ ਨੂੰ ਜ਼ਬਰੀ ਫੜ-ਫੜ ਕੇ ਉਨ੍ਹਾਂ ਦੀ ਤਲਾਸ਼ੀ ਲੈ ਕੇ ਗੁਰੂਘਰ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ: ਰਿਸ਼ਤੇਦਾਰੀ 'ਚ ਜਾ ਰਹੇ ਪਰਿਵਾਰ ਨੂੰ ਮੌਤ ਨੇ ਪਾਇਆ ਘੇਰਾ, ਗੜ੍ਹਸ਼ੰਕਰ ਵਿਖੇ ਬੱਚੇ ਸਣੇ 3 ਮੈਂਬਰਾਂ ਦੀ ਮੌਤ

ਕਾਲਕਾ ਨੇ ਕਿਹਾ ਕਿ ਸਮਾਗਮ ’ਚ ਭਾਗ ਲੈਣ ਲਈ ਦੇਸ਼ਭਰ ਤੋਂ ਆਏ ਵਣਜਾਰਾ ਸਮਾਜ ਦੇ ਜਿਹੜੇ ਲੋਕ ਗੁਰਦੁਆਰਾ ਰਕਾਬ ਗੰਜ ਸਾਹਿਬ ’ਚ ਠਹਿਰੇ ਸਨ ਉਨ੍ਹਾਂ ਦੇ ਟੀਮ ਇੰਚਾਰਜ ਅਤੇ ਦਿੱਲੀ ਕਮੇਟੀ ਦੇ ਸੇਵਾਦਾਰਾਂ ਨੂੰ ਗੁਰੂਘਰ ਦੀ ਰਹਿਤ-ਮਰਿਆਦਾ ਦੀ ਪਾਲਣਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ। ਇਸਦੇ ਬਾਵਜੂਦ ਇਸ ਦੇ ਸਰਨਾ ਭਰਾਵਾਂ ਦੀ ਸ਼ਹਿ ’ਤੇ ਉਨ੍ਹਾਂ ਦੀ ਇਕ ਮਹਿਲਾ ਵਰਕਰ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਲੋਕਾਂ ਦੀ ਜ਼ਬਰੀ ਤਲਾਸ਼ੀ ਲੈ ਕੇ ਕੁਝ ਇਤਰਾਜ਼ਯੋਗ ਵੀਡੀਓ ਬਣਾ ਕੇ ਦਿੱਲੀ ਕਮੇਟੀ ਅਤੇ ਗੁਰੂਘਰ ਨੂੰ ਬਦਨਾਮ ਕਰਨ ਦੀ ਕੋਝੀ ਹਰਕਤ ਕੀਤੀ ਗਈ।

ਕਾਲਕਾ ਨੇ ਕਿਹਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਦਾ ਜਨਮ ਦਿਹਾੜਾ ਸਮਾਗਮ ’ਚ ਲੱਗੇ ਪੋਸਟਰ-ਹੋਰਡਿੰਗਾਂ ’ਤੇ ਪੰਜਾਬੀ ਭਾਸ਼ਾ ’ਚ ਲਿਖੇ ਨਹੀਂ ਗਏ ਕਿਉਂਕਿ ਦੇਸ਼ ਭਰ ਦੇ ਕਈ ਸੂਬਿਆਂ ਤੋਂ ਹਜ਼ਾਰਾਂ ਲੋਕ ਸਮਾਗਮ ’ਚ ਭਾਗ ਲੈਣ ਲਈ ਆਏ ਸਨ ਅਤੇ ਜੋ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਰੱਖਦੇ ਸਨ। ਪਰ ਉਨ੍ਹਾਂ ਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਬਹੁਤ ਵੱਡੀ ਤਾਦਾਦ ’ਚ ਵਣਜਾਰਾ ਭਾਈਚਾਰੇ ਦੇ ਲੋਕਾਂ ਨੇ ਸਿੱਖ ਕੌਮ ਨਾਲ ਜੁੜਨ ਅਤੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਫੈਸਲਾ ਕੀਤਾ। ਪ੍ਰੈੱਸ ਕਾਨਫਰੰਸ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣ , ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਮੈਂਬਰਾਨ ਐੱਮ. ਪੀ. ਐੱਸ. ਚੱਢਾ, ਵਿਕਰਮ ਸਿੰਘ ਰੋਹਿਣੀ, ਜਸਪ੍ਰੀਤ ਸਿੰਘ ਜੱਸਾ, ਭੁਪਿੰਦਰ ਸਿੰਘ ਭੁੱਲਰ, ਹਰਜੀਤ ਸਿੰਘ ਪੱਪਾ, ਜਸਬੀਰ ਸਿੰਘ ਜੱਸੀ ਆਦਿ ਵੀ ਮੌਜ਼ੂਦ ਸਨ।

ਇਹ ਵੀ ਪੜ੍ਹੋ:ਆਜ਼ਾਦੀ ਦਿਹਾੜੇ ਮੌਕੇ ਜਲੰਧਰ 'ਚ ਸੁਰੱਖਿਆ ਸਖ਼ਤ, 2000 ਪੁਲਸ ਕਰਮਚਾਰੀ ਕਰਨਗੇ ਸ਼ਹਿਰ ਦੀ ਰਖਵਾਲੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News