ਕਾਂਗਰਸੀ ਵਿਧਾਇਕ ਦੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਵਿਵਾਦਤ ਬੋਲ, ਮੰਗਣੀ ਪਈ ਮੁਆਫੀ
Monday, Jan 13, 2020 - 06:56 PM (IST)
ਤਰਨਤਾਰਨ (ਵਿਜੇ ਕੁਮਾਰ) : ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਦਰਅਸਲ, ਵਿਧਾਇਕ ਗਿੱਲ ਹਰੀਕੇ ਪੱਤਣ ਵਿਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਜਿੱਥੇ ਵਿਧਾਇਕ ਸਾਹਿਬ ਗੱਲਾਂ-ਗੱਲਾਂ ਵਿਚ ਇੰਨੇ ਵਹਿ ਗਏ ਕਿ ਦਰਬਾਰ ਸਾਹਿਬ ਬਾਰੇ ਕੁਝ ਵਿਵਾਦਤ ਬੋਲ ਗਏ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਮਿੰਦਰ ਸਿੰਘ ਗਿੱਲ ਨੂੰ ਮੁਆਫੀ ਮੰਗਣੀ ਪਈ ਹੈ। ਆਪਣੇ ਸੰਬੋਧਨ ਦੌਰਾਨ ਹਰਮਿੰਦਰ ਗਿੱਲ ਨੇ ਆਖਿਆ ਕਿ ਜਿਹੜਾ ਇਕ ਲੱਖ ਸ਼ਰਧਾਲੂ ਹਰਿਮੰਦਰ ਸਾਹਿਬ ਆਉਂਦਾ ਹੈ, ਅਸੀਂ ਉਸ ਦਾ ਮੂੰਹ ਮੋੜ ਕੇ ਹਰੀਕੇ ਲੈ ਕੇ ਆਵਾਂਗੇ। ਉਹ ਇਥੇ ਆਉਣ ਅਤੇ ਤੁਹਾਡੀ ਮੱਛੀ ਵੀ ਖਾਣ ਅਤੇ ਹੋਰ ਕਾਰੋਬਾਰ ਵੀ ਕਰਨ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਕਹਿਣਾ ਸੀ ਕਿ ਸ੍ਰੀ ਦਰਬਾਰ ਸਾਹਿਬ ਲੋਕ ਰੂਹਾਨੀਅਤ ਦੇ ਰੰਗ ਮਾਨਣ ਜਾਂਦੇ ਹਨ ਨਾ ਕਿ ਮੱਛੀਆਂ ਦੇਖਣ। ਇਸ ਲਈ ਵੀਡੀਓ 'ਤੇ ਵਿਵਾਦ ਹੋਣਾ ਲਾਜ਼ਮੀ ਸੀ। ਹੁਣ ਹਰਮਿੰਦਰ ਸਿੰਘ ਗਿੱਲ ਨੇ ਸਾਹਮਣੇ ਆ ਕੇ ਮੁਆਫੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਦਰਬਾਰ ਸਾਹਿਬ ਬਾਰੇ ਅਥਾਹ ਸ਼ਰਧਾ ਹੈ ਅਤੇ ਉਨ੍ਹਾਂ ਦੀ ਮਨਸ਼ਾ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣੀ ਨਹੀਂ ਸੀ।
ਫਿਲਹਾਲ ਹਰਮਿੰਦਰ ਸਿੰਘ ਗਿੱਲ ਦੀ ਵਾਇਰਲ ਵੀਡੀਓ ਤੋਂ ਬਾਅਦ ਮੁਆਫੀ ਆ ਗਈ ਹੈ। ਉਨ੍ਹਾਂ ਕਿਹਾ ਕਿ ਉਹ ਦਰਬਾਰ ਸਾਹਿਬ ਬਾਰੇ ਅਜਿਹਾ ਕੁਝ ਬੋਲਣਾ ਤਾਂ ਦੂਰ, ਅਜਿਹਾ ਕੁਝ ਸੋਚ ਵੀ ਨਹੀਂ ਸਕਦੇ। ਉਨ੍ਹਾਂ ਦਾ ਮਕਸਦ ਸਿਰਫ ਇਹ ਦੱਸਣਾ ਸੀ ਕਿ ਉਹ ਹਰੀਕੇ ਪੱਤਣ ਨੂੰ ਵਰਲਡ ਟੂਰਿਸਟ ਸਪਾਟ ਬਣਾਉਣਾ ਚਾਹੁੰਦੇ ਹਨ।