ਗੈਂਗਸਟਰ ਗੋਲਡੀ ਬਰਾੜ ਦੀ ਪੁਲਸ ਨੂੰ ਧਮਕੀ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਟਵੀਟ, ਦੋ ਟੁੱਕ ’ਚ ਦਿੱਤਾ ਜਵਾਬ
Monday, Aug 29, 2022 - 04:12 PM (IST)
ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੇਲ੍ਹਾਂ ਨੂੰ ਨਸ਼ਾ ਅਤੇ ਮੋਬਾਇਲ ਮੁਕਤ ਕਰਵਾਉਣ ਦੀ ਗੱਲ ਤਾਂ ਲਗਾਤਾਰ ਆਖੀ ਜਾ ਰਹੀ ਸੀ। ਇਸ ਦੇ ਨਾਲ ਹੀ ਹੁਣ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੈਂਗਸਟਰਾਂ ਨੂੰ ਜੇਲ੍ਹਾਂ ਅੰਦਰ ਜੋ ਵੀ.ਆਈ.ਪੀ. ਸਹੂਲਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਉਨ੍ਹਾਂ ਨੂੰ ਖ਼ਤਮ ਕਰਨ ਦੀ ਵੀ ਗੱਲ ਕਹਿ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਜੇਲ੍ਹਾਂ ਨੂੰ ਅਸਲ ਸੁਧਾਰ ਘਰ ਬਣਾਵੇਗੀ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਖੁੱਲ੍ਹੀ ਚਿਤਾਵਨੀ, ਲਿਆ ਜਾਵੇਗਾ ਪੁੱਤਰ ਦੇ ਕਤਲ ਦਾ ਹਿਸਾਬ
ਇਸ ਸੰਬੰਧੀ ਟਵੀਟ ਕਰਦਿਆਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ 'ਚ ਵੀ.ਆਈ.ਪੀ. ਸਹੂਲਤਾਂ ਦਿੱਤੀਆਂ ਜਾਂਦੀਆਂ ਸਨ, ਉਨ੍ਹਾਂ ਨੂੰ ਪਿੱਜ਼ਾ ਖਵਾਏ ਜਾਂਦੇ ਸਨ ਪਰ ਹੁਣ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਵੀ.ਆਈ.ਪੀ. ਸਹੂਲਤਾਂ ਨੂੰ ਖ਼ਤਮ ਕਰੇਗੀ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਜੇਲ੍ਹ ਪੋਰਟਫੋਲੀਓ ਦਿੱਤਾ ਹੈ, ਉਸ ਦਿਨ ਤੋਂ ਮੇਰੇ ਸਾਰੇ ਅਧਿਕਾਰੀ ਜੇਲ੍ਹਾਂ ਨੂੰ ਅਸਲ ਸੁਧਾਰ ਘਰ ਬਣਾਉਣ ਲਈ ਵਚਨਬੱਧ ਹਨ। ਮੰਤਰੀ ਬੈਂਸ ਨੇ ਕਿਹਾ ਕਿ ਅਸੀਂ ਜੇਲ੍ਹਾਂ ਨੂੰ ਅਪਰਾਧ, ਮੋਬਾਇਲ, ਨਸ਼ਾ ਮੁਕਤ ਕਰਵਾਉਣ ਲਈ ਵੀ ਵਚਨਬੱਧ ਹਾਂ ਤੇ ਇਸ ਨੂੰ ਕੋਈ ਵੀ ਨਹੀਂ ਰੋਕ ਸਕਦਾ । ਜ਼ਿਕਰਯੋਗ ਹੈ ਕਿ ਅੱਜ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦਿੱਤੀ ਅਤੇ ਕਿਹਾ ਕਿ ਬਠਿੰਡਾ ਜੇਲ੍ਹ 'ਚ ਉਸ ਦੇ ਸਾਥੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਲਈ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਡੀ.ਜੀ.ਪੀ. ਗੌਰਵ ਯਾਦਵ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।